ਸੈਂਸੈਕਸ 'ਚ 110 ਅੰਕ ਦੀ ਤੇਜ਼ੀ, ਨਿਫਟੀ 10,400 ਦੇ ਪਾਰ

02/21/2018 9:30:06 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 110.24 ਅੰਕ ਦੀ ਮਜ਼ਬੂਤੀ ਨਾਲ 33813.83 'ਤੇ ਖੁੱਲ੍ਹਿਆ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 65.60 ਅੰਕ ਦੀ ਤੇਜ਼ੀ ਨਾਲ 10,426 'ਤੇ ਖੁੱਲ੍ਹਿਆ।

ਬੀਤੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ 850.35 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ 1,437.24 ਕਰੋੜ ਰੁਪਏ ਮੁੱਲ ਦੇ ਸ਼ੇਅਰ ਖਰੀਦੇ ਸਨ, ਜਿਸ ਦਾ ਅਸਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਕਾਰੋਬਾਰ ਮਜ਼ਬੂਤੀ ਨਾਲ ਹੋ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 72 ਅੰਕ ਚੜ੍ਹ ਕੇ 10400 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿੱਕੇਈ ਅਤੇ ਹੈਂਗ-ਸੇਂਗ ਵੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ। ਨਿੱਕੇਈ 'ਚ 140 ਅੰਕ ਦੀ ਮਜ਼ਬੂਤੀ ਨਾਲ 22064 ਅਤੇ ਹੈਂਗ-ਸੇਂਗ 350 ਅੰਕ ਦੀ ਤੇਜ਼ੀ ਨਾਲ 31,223.42 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਸ਼ੁਰੂਆਤੀ ਕਾਰੋਬਾਰ 'ਚ ਐੱਨ. ਐੱਸ. ਈ. 'ਤੇ ਟੈੱਕ ਮਹਿੰਦਰਾ, ਅੰਬੂਜਾ ਸੀਮੈਂਟ, ਟੀ. ਸੀ. ਐੱਸ., ਡਾ. ਰੈਡੀਜ਼ ਅਤੇ ਐੱਚ. ਸੀ. ਐੱਲ. ਟੈੱਕ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਬੀ. ਐੱਸ. ਈ. 'ਤੇ ਲਾਰਜ ਕੈਪ ਇੰਡੈਕਸ 'ਚ 15.53 ਅੰਕ, ਮਿਡ ਕੈਪ 'ਚ 60.20 ਅੰਕ ਅਤੇ ਸਮਾਲ ਕੈਪ ਇੰਡੈਕਸ 'ਚ 94 ਅੰਕ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ। ਇਸ ਦੇ ਇਲਾਵਾ ਇਰੋਸ ਇੰਟਰਨੈਸ਼ਨਲ ਮੀਡੀਆ ਲਿਮਟਿਡ 'ਚ ਰਿਲਾਇੰਸ ਵੱਲੋਂ 5 ਫੀਸਦੀ ਹਿੱਸੇਦਾਰੀ ਖਰੀਦੇ ਜਾਣ ਦੀ ਖਬਰ ਨਾਲ ਇਰੋਸ ਦੇ ਸ਼ੇਅਰ 'ਚ ਤਕਰੀਬਨ 7 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ।


Related News