ਅਮਰੀਕਾ ''ਚ ਭਾਰਤੀਆਂ ਦੀ ਗਿਣਤੀ ''ਚ ਤੇਜ਼ੀ ਨਾਲ ਵਾਧਾ ਪਰ ਰਾਜਨੀਤਿਕ ਭਾਗੀਦਾਰੀ ''ਚ ਨਹੀਂ

05/17/2024 11:33:25 AM

ਵਾਸ਼ਿੰਗਟਨ (ਰਾਜ ਗੋਗਨਾ)- ਕਮਲਾ ਹੈਰਿਸ ਨੇ ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਸਿਆਸਤਦਾਨ ਵਜੋਂ ਤਰੱਕੀ ਕੀਤੀ ਹੈ ਅਤੇ ਮੌਜੂਦਾ ਸਮੇਂ ਉਹ ਦੇਸ਼ ਦੀ ਉਪ-ਰਾਸ਼ਟਰਪਤੀ ਹੈ। ਭਾਰਤ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਇਸੇ ਤਰ੍ਹਾਂ ਅਮਰੀਕਾ 'ਚ ਵੀ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਕੁਝ ਮਹੀਨਿਆਂ 'ਚ ਵੋਟਿੰਗ ਹੋਣ ਵਾਲੀ ਹੈ। ਉਸ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਦੀ ਨਜ਼ਰ ਭਾਰਤੀ ਅਮਰੀਕੀ ਭਾਈਚਾਰੇ 'ਤੇ ਹੈ। ਅਮਰੀਕਾ ਵਿੱਚ ਭਾਰਤੀਆਂ ਦੀ ਸਿਆਸੀ ਹਿੱਸੇਦਾਰੀ ਜ਼ਿਆਦਾ ਨਹੀਂ ਹੈ। ਇਸ ਲਈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਹੁਣ ਰਾਜਨੀਤੀ ਵਿੱਚ ਵਧੇਰੇ ਸਰਗਰਮ ਹੋ ਕੇ ਵੱਡੇ ਅਹੁਦਿਆਂ ਲਈ ਚੋਣ ਲੜਨੀ ਚਾਹੀਦੀ ਹੈ। 

ਭਾਰਤੀ-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਭਾਰਤੀਆਂ ਨੂੰ ਅਮਰੀਕੀ ਰਾਜਨੀਤੀ ਵਿੱਚ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਉਪ -ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਮਰੀਕਾ ਵਿੱਚ ਚੁਣੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ। ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ ਵਿੱਚ ਭਾਵੇਂ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ। ਪ੍ਰੰਤੂ ਉਨ੍ਹਾਂ ਦੀ ਰਾਜਨੀਤਿਕ ਭਾਗੀਦਾਰੀ ਵਿੱਚ ਤੇਜ਼ੀ ਨਾਲ ਵਾਧਾ ਨਹੀਂ ਹੋਇਆ ਹੈ। ਕਮਲਾ ਹੈਰਿਸ ਨੇ ਇੰਡੀਅਨ ਅਮਰੀਕਨ ਇਮਪੈਕਟ ਦੇ ਸਾਲਾਨਾ ਸੰਮੇਲਨ 'ਚ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਅਨ-ਅਮਰੀਕਨ ਇਮਪੈਕਟ ਇਹ ਲੋਕ ਡੈਮੋਕ੍ਰੇਟਿਕ ਪਾਰਟੀ ਦੇ ਥਿੰਕ ਟੈਂਕ ਲਈ ਮੰਨੇ ਜਾਂਦੇ ਹਨ ਅਤੇ ਭਾਰਤੀ ਅਮਰੀਕੀਆਂ ਨੂੰ ਚੋਣਾਂ ਲੜਨ ਲਈ ਫੰਡ ਮੁਹੱਈਆ ਕਰਵਾਉਂਦੇ ਹਨ। 

ਕਮਲਾ ਹੈਰਿਸ ਦਾ ਭਾਸ਼ਣ ਸੁਣਨ ਲਈ ਇੱਥੇ ਸੈਂਕੜੇ ਭਾਰਤੀ ਅਮਰੀਕੀ ਵਾਸ਼ਿੰਗਟਨ ਡੀਸੀ ਵਿੱਚ ਮੌਜੂਦ ਸਨ। ਕਮਲਾ ਹੈਰਿਸ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਭਾਰਤੀ-ਅਮਰੀਕੀ ਭਾਗੀਦਾਰੀ ਪਿਛਲੇ ਸਾਲਾਂ ਵਿੱਚ ਵਧੀ ਹੈ ਪਰ ਭਾਗੀਦਾਰੀ ਅਜੇ ਵੀ ਨਹੀਂ ਦਿਖਾਈ ਦੇ ਰਹੀ ਹੈ ਕਿਉਂਕਿ ਸਾਡੀ ਆਬਾਦੀ ਲਗਾਤਾਰ ਵਧ ਰਹੀ ਹੈ। ਵਰਤਮਾਨ ਵਿੱਚ ਅਮਰੀਕੀ ਕਾਂਗਰਸ ਵਿੱਚ ਸਿਰਫ਼ ਸਾਡੇ ਪੰਜ ਚੁਣੇ ਗਏ ਭਾਰਤੀ ਅਮਰੀਕੀ ਹਨ। ਇਨ੍ਹਾਂ ਵਿੱਚ ਡਾ: ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਮਿਸਟਰ ਥਾਣੇਦਾਰ ਸ਼ਾਮਲ ਹਨ। ਸਾਲ 2020 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਅਮਰੀਕੀ ਕਾਂਗਰਸ ਲਈ ਚੁਣੇ ਗਏ ਭਾਰਤੀ-ਅਮਰੀਕੀਆਂ ਦੀ ਗਿਣਤੀ ਵੱਧ ਕੇ 10 ਹੋ ਜਾਵੇਗੀ। ਪ੍ਰੰਤੂ ਇਸ ਤਰਾਂ ਨਹੀ ਹੋਇਆ, ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ, "ਹਮੇਸ਼ਾ ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ।" ਸਾਡੇ ਕੋਲ ਇੱਕ ਦੇਸ਼ ਦੇ ਰੂਪ ਵਿੱਚ ਬਹੁਤ ਕੁਝ ਹੈ ਅਤੇ ਅਸੀਂ ਸਾਰੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ। ਅਮਰੀਕਾ ਲੋਕਾਂ ਨਾਲ ਵਾਅਦਾ ਕਰਦਾ ਹੈ ਅਤੇ ਮੈਂ ਇਸ ਦਾ ਸਬੂਤ ਹਾਂ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਚੋਣਾਂ : ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹਰ ਪੱਧਰ 'ਤੇੇ ਚੋਣ ਲੜਨ ਦਾ ਦਿੱਤਾ ਜਾ ਰਿਹੈ ਸੱਦਾ

ਅਮਰੀਕਾ ਵਿੱਚ ਅਗਲੇ ਛੇ ਮਹੀਨਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ। ਅਸੀਂ ਇਹ ਤੈਅ ਕਰਨਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਦੁਨੀਆ ਅਤੇ ਕਿਸ ਤਰ੍ਹਾਂ ਦੇ ਦੇਸ਼ ਵਿਚ ਰਹਿਣਾ ਚਾਹੁੰਦੇ ਹਾਂ। ਕਮਲਾ ਹੈਰਿਸ ਨੇ ਫਿਰ ਭਾਰਤੀ ਅਮਰੀਕੀਆਂ ਨੂੰ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਹੋਣ ਅਤੇ ਮਹੱਤਵਪੂਰਨ ਅਹੁਦਿਆਂ ਲਈ ਚੋਣ ਲੜਨ ਦਾ ਵੀ  ਸੱਦਾ ਦਿੱਤਾ। ਹੈਰਿਸ ਨੇ ਕਿਹਾ ਕਿ "ਮੇਰੀ ਮਾਂ ਭਾਰਤ ਤੋਂ ਅਮਰੀਕਾ ਆਈ ਸੀ ਜਦੋਂ ਮੈਂ 19 ਸਾਲਾਂ ਦੀ ਸੀ ਅਤੇ ਉਸ ਨੇ ਬਰਕਲੇ ਵਿੱਚ ਨਾਗਰਿਕ ਅਧਿਕਾਰਾਂ ਦੀ ਲਹਿਰ ਵਿੱਚ ਹਿੱਸਾ ਲਿਆ, ਉਹ ਸਿਵਲ ਰਾਈਟਸ ਮਾਰਚ ਵਿੱਚ ਸ਼ਾਮਲ ਹੋਈ"। ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਮੈਂ ਹਰ ਦੋ ਸਾਲਾਂ ਬਾਅਦ ਭਾਰਤ ਜਾਂਦੀ ਸੀ।ਅਤੇ ਮੇਰੀ ਇਹੋ ਹੀ ਸਲਾਹ ਹੈ ਕਿ ਭਾਰਤੀ-ਅਮਰੀਕੀਆਂ ਨੂੰ ਅਮਰੀਕੀ ਰਾਜਨੀਤੀ ਵਿੱਚ ਵਧੇਰੇ ਸਰਗਰਮ ਹੋਣ ਦੀ ਲੋੜ ਹੈ। 

ਇਸ ਸਮੇਂ ਅਮਰੀਕਾ ਵਿਚ ਭਾਰਤੀ ਅਮਰੀਕੀਆਂ ਦੀ ਗਿਣਤੀ 50 ਲੱਖ ਦੇ ਕਰੀਬ ਹੈ ਅਤੇ ਅਮਰੀਕਾ ਦੀ ਕੁੱਲ ਆਬਾਦੀ ਵਿੱਚ ਭਾਰਤੀ ਅਮਰੀਕੀਆਂ ਦੀ ਹਿੱਸੇਦਾਰੀ 1.40 ਫੀਸਦੀ ਹੈ। ਅਮਰੀਕਾ 'ਚ ਦੱਖਣੀ ਏਸ਼ੀਆਈ ਅਮਰੀਕੀਆਂ 'ਚ ਸਭ ਤੋਂ ਜ਼ਿਆਦਾ ਹਿੱਸਾ ਭਾਰਤੀਆਂ ਦਾ ਹੈ। ਭਾਰਤੀ ਚੀਨੀ ਅਮਰੀਕੀਆਂ ਤੋਂ ਬਾਅਦ ਸਭ ਤੋਂ ਵੱਡਾ ਸਮੂਹ ਬਣਾਉਂਦੇ ਹਨ ਅਤੇ ਇਸ ਲਈ ਰਾਜਨੀਤੀ ਵਿੱਚ ਬਹੁਤ ਤਰੱਕੀ ਕਰ ਸਕਦੇ ਹਨ। ਚੀਨੀ ਅਮਰੀਕੀਆਂ ਦੀ ਗਿਣਤੀ 53 ਲੱਖ ਦੇ ਕਰੀਬ ਹੈ ਅਤੇ ਭਾਰਤੀ ਵੀ ਪਿੱਛੇ ਨਹੀਂ ਹਨ। ਅਮਰੀਕਾ ਵਿੱਚ 100 ਫੀਸਦੀ ਭਾਰਤੀ ਕਹੇ ਜਾਣ ਵਾਲੇ ਲੋਕਾਂ ਦੀ ਗਿਣਤੀ 2020 ਦੀ ਜਨਗਣਨਾ ਅਨੁਸਾਰ 44 ਲੱਖ ਸੀ ਅਤੇ ਪਿਛਲੇ ਦਹਾਕੇ ਵਿੱਚ 100 ਫੀਸਦੀ ਭਾਰਤੀ ਲੋਕਾਂ ਦੀ ਆਬਾਦੀ ਵਿੱਚ 55 ਫੀਸਦੀ ਦਾ ਵਾਧਾ ਹੋਇਆ ਹੈ। ਅਮਰੀਕਾ ਦਾ ਜਨਸੰਖਿਆ ਪੈਟਰਨ ਬਦਲ ਰਿਹਾ ਹੈ ਅਤੇ ਇਸ ਵਿੱਚ ਭਾਰਤੀ ਅਮਰੀਕੀਆਂ ਦੀ ਅਹਿਮ ਭੂਮਿਕਾ ਹੈ। 1990 ਦੇ ਦਹਾਕੇ ਵਿੱਚ ਆਈਟੀ ਸੈਕਟਰ ਵਿੱਚ ਵਾਧਾ ਹੋਣ ਅਤੇ ਉੱਚ ਹੁਨਰਮੰਦ ਕਾਮਿਆਂ ਲਈ ਐੱਚ-1ਬੀ ਵੀਜ਼ਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਵਿੱਚ ਭਾਰਤੀਆਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਸੰਯੁਕਤ ਰਾਜ ਵਿੱਚ ਵਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News