ਸ਼ੇਅਰ ਬਾਜ਼ਾਰ 'ਚ ਫਿਰ ਆਈ ਜ਼ਬਰਦਸਤ ਗਿਰਾਵਟ, 2700 ਅੰਕ ਡਿੱਗਾ ਸੈਂਸੈਕਸ
Monday, Mar 16, 2020 - 05:04 PM (IST)
ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਫਿਰ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿਨਭਰ ਦੇ ਕਾਰੋਬਾਰ ਦੇ ਬਾਅਦ ਅੱਜ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 2713.41 ਅੰਕ ਯਾਨੀ ਕਿ 7.96 ਫੀਸਦੀ ਦੀ ਗਿਰਾਵਟ ਦੇ ਬਾਅਦ 31,390.07 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 756.10 ਅੰਕ ਯਾਨੀ ਕਿ 7.60 ਫੀਸਦੀ ਦੀ ਗਿਰਾਵਟ ਦੇ ਬਾਅਦ 9,199.10 ਦੇ ਪੱਧਰ 'ਤੇ ਬੰਦ ਹੋਇਆ ਹੈ।
ਕੋਰੋਨਾ ਵਾਇਰਸ ਦੇ ਕਾਰਨ ਗਲੋਬਲ ਅਰਥਵਿਵਸਥਾ ਨੂੰ ਬਚਾਉਣ ਲਈ ਦੁਨੀਆ ਭਰ ਦੇ ਕੇਂਦਰੀ ਬੈਂਕ ਅੱਗੇ ਆ ਰਹੇ ਹਨ। ਅਮਰੀਕੀ ਫੈਡਰਲ ਬੈਂਕ ਨੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਇਸ ਦੇ ਤਹਿਤ ਹੁਣ ਬੈਂਕ 0 ਤੋਂ 25 ਫੀਸਦੀ ਤੱਕ ਦੀ ਵਿਆਜ ਦਰ 'ਤੇ ਕਰਜ਼ਾ ਉਪਲੱਬਧ ਕਰਵਾਏਗਾ। ਨਿਊਜ਼ੀਲੈਂਡ ਦੇ ਕੇਂਦਰੀ ਬੈਂਕ ਨੇ ਬੈਠਕ ਦੇ ਬਾਅਦ ਵਿਆਜ ਦਰਾਂ ਵਿਚ 75 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ(ਯੂ.ਏ.ਈ.) ਦੇ ਕੇਂਦਰੀ ਬੈਂਕ ਨੇ 27 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਯੂ.ਏ.ਈ. ਦੇ ਬੈਂਕਾਂ ਨੂੰ ਸਪੋਰਟ ਕੀਤਾ ਜਾਵੇਗਾ ਅਤੇ ਵੱਖ-ਵੱਖ ਰੈਗੂਲੇਟਰੀ ਹੱਦਾਂ 'ਚ ਢਿੱਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਵੱਖ ਤੋਂ 13 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦਾ ਬਾਵਜੂਦ ਅੱਜ ਬਾਜ਼ਾਰ ਵਿਚ ਗਿਰਾਵਟ ਦੇਖੀ ਗਈ।
ਇਸ ਕਾਰਨ ਆ ਰਹੀ ਸ਼ੇਅਰ ਬਾਜ਼ਾਰ 'ਚ ਗਿਰਾਵਟ
- ਯੂ.ਐਸ. ਫੈਡਰਲ ਨੇ ਵਿਆਜ ਦਰਾਂ ਵਿਚ ਕਟੌਤੀ ਕਰਕੇ ਇਸ ਨੂੰ ਸਿਫਰ ਨੇ ਨੇੜੇ ਲਿਆ ਦਿੱਤਾ ਹੈ। ਕੋਰੋਨਾਵਾਇਰਸ ਫੈਲਣ ਕਾਰਨ ਕਾਰੋਬਾਰ ਅਤੇ ਸੈਰ-ਸਪਾਟਾ ਉਦਯੋਗ ਮੰਦੀ ਦੀ ਮਾਰ ਝੇਲ ਰਿਹਾ ਹੈ। ਇਸ ਨਾਲ ਲੜਣ ਲਈ ਫੇਡ ਨੇ ਇਹ ਕਦਮ ਚੁੱਕਿਆ ਹੈ। ਇਸ ਕਦਮ ਦੇ ਬਾਅਦ ਬਾਂਡ ਬਜ਼ਾਰ 'ਚ ਖਰੀਦਦਾਰੀ ਵਧ ਗਈ ਹੈ। ਡਾਲਰ ਦੇ ਮੁਕਾਬਲੇ ਰੁਪਏ 'ਚ ਵੀ ਗਿਰਾਵਟ ਆਈ ਹੈ।
- ਫੈਡਰਲ ਬੈਂਕ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਕਰਨ ਤੋਂ ਬਾਅਦ ਯੂ.ਐਸ. ਸਟਾਕ ਫਿਊਚਰਜ਼ ਵਿਚ 5% ਦੀ ਗਿਰਾਵਟ ਆਈ। ਡਾਓ ਫਿਊਚਰਜ਼ 4.5% ਦੀ ਗਿਰਾਵਟ ਨਾਲ 1,041 ਅੰਕ 'ਤੇ ਪਹੁੰਚ ਗਿਆ। ਐਸ. ਐਂਡ. ਪੀ. 500 ਫਿਊਚਰਜ਼ 4.8% ਅਤੇ ਨੈਸਡੈਕ ਫਿਊਚਰਜ਼ 4.5% ਹੇਠਾਂ ਹਨ। ਇਸ ਗਿਰਾਵਟ ਦਾ ਅਸਰ ਦੇਸ਼ ਦੇ ਬਾਜ਼ਾਰਾਂ 'ਤੇ ਵੀ ਵੇਖਿਆ ਗਿਆ।
- ਦੇਸ਼ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਸੰਕਰਮਣ ਦੀ ਖ਼ਬਰ ਨੇ ਨਿਵੇਸ਼ਕਾਂ ਦੀ ਘਬਰਾਹਟ ਵਧਾ ਦਿੱਤੀ ਹੈ। ਮਹਾਰਾਸ਼ਟਰ ਅਤੇ ਕੇਰਲ ਵਿਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। 450 ਭਾਰਤੀਆਂ ਨੂੰ ਵੀ ਇਟਲੀ ਅਤੇ ਇਰਾਨ ਤੋਂ ਵਾਪਸ ਲਿਆਂਦਾ ਗਿਆ ਹੈ। ਚੀਨ ਤੋਂ ਬਾਅਦ ਇਹ ਦੋਵੇਂ ਦੇਸ਼ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਤ ਹਨ।
- ਗਲੋਬਲ ਕਰੈਡਿਟ ਰੇਟਿੰਗ ਏਜੰਸੀ ਕ੍ਰਿਸਿਲ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਕੋਰੋਨਾ ਦਾ ਸੰਕਟ ਹੋਰ ਵਧਣ ਕਾਰਨ ਭਾਰਤੀ ਕੰਪਨੀਆਂ ਸਾਹਮਣੇ ਕਰੈਡਿਟ ਪ੍ਰੈਸ਼ਰ ਵਧ ਗਿਆ ਹੈ। ਏਜੰਸੀ ਨੇ ਕਿਹਾ ਹੈ ਕਿ ਏਅਰਲਾਇੰਸ, ਹੋਟਲ, ਮਾਲ, ਮਲਟੀਪਲੈਕਸ ਅਤੇ ਰੈਸਟੋਰੈਂਟ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣਗੇ।
- ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਘਰੇਲੂ ਬਜ਼ਾਰਾਂ ਵਿਚੋਂ ਪੈਸੇ ਕਢਵਾਉਣ ਕਾਰਨ ਵੀ ਬਾਜ਼ਾਰ 'ਤੇ ਵੀ ਦਬਾਅ ਹੈ। ਨਿਵੇਸ਼ਕ ਮਾਰਚ ਵਿਚ ਹੁਣ ਤਕ 35,000 ਕਰੋੜ ਰੁਪਏ ਕਢਵਾ ਚੁੱਕੇ ਹਨ। ਕੋਰੋਨਵਾਇਰਸ ਦੇ ਫੈਲਣ ਕਾਰਨ ਨਿਵੇਸ਼ਕ ਘਬਰਾ ਗਏ ਹਨ।