ਨਗਰ ਨਿਗਮ ਲੁਧਿਆਣਾ ''ਚ ਜ਼ਬਰਦਸਤ ਹੰਗਾਮਾ! ਕਾਂਗਰਸੀ ਕੌਂਸਲਰਾਂ ਨੇ ਘੇਰ ਲਈ ਅਫ਼ਸਰ ਦੀ ਗੱਡੀ
Friday, Nov 07, 2025 - 03:21 PM (IST)
ਲੁਧਿਆਣਾ (ਹਿਤੇਸ਼): ਅੱਜ ਨਗਰ ਨਿਗਮ ਲੁਧਿਆਣਾ ਜ਼ੋਨ ਏ ਆਫ਼ਿਸ ਮਾਤਾ ਰਾਣੀ ਚੌਕ ਵਿਚ ਜ਼ੋਰਦਾਰ ਹੰਗਾਮਾ ਹੋਇਆ। ਇਹ ਮਾਮਲਾ ਕਾਂਗਰਸੀ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਵਿਚਾਲੇ ਹੋਏ ਵਿਵਾਦ ਨਾਲ ਜੁੜਿਆ ਹੋਇਆ ਹੈ।

ਦਰਅਸਲ, ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਵਿਕਾਸ ਦੇ ਕੰਮ ਰੁਕੇ ਹੋਏ ਹਨ। ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰਾਂ ਦੀ ਸੁਣਵਾਈ ਹੋ ਰਹੀ ਹੈ ਤੇ ਉਨ੍ਹਾਂ ਦੇ ਕਹਿਣ 'ਤੇ ਹੀ ਕੰਮ ਹੋ ਰਹੇ ਹਨ। ਕਾਂਗਰਸ ਦੇ ਕੌਂਸਲਰ ਪਤੀ ਇੰਦਰਜੀਤ ਇੰਦੀ ਦਾ ਕਹਿਣਾ ਹੈ ਕਿ ਅਡੀਸ਼ਨਲ ਕਮਿਸ਼ਨਰ ਪਰਮਦੀਪ ਖਹਿਰਾ ਨੇ ਕੁਝ ਦਿਨ ਪਹਿਲਾਂ ਇਕ ਮੀਟਿੰਗ ਵਿਚ ਇੰਦੀ ਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦੀ ਗੱਲ ਕਹੀ ਸੀ, ਉਸ ਨੂੰ ਲੈ ਕੇ ਇਹ ਸਾਰੇ ਕੌਂਸਲਰ ਵਿਰੋਧ ਦਰਜ ਕਰਵਾਉਣ ਲਈ ਗਏ ਸਨ। ਕਾਂਗਰਸੀ ਕੌਂਸਲਰਾਂ ਤੇ ਅਡੀਸ਼ਨਲ ਕਮਿਸ਼ਨਰ ਵਿਚਾਲੇ ਕਾਫ਼ੀ ਬਹਿਜ਼ਬਾਜੀ ਹੋਈ। ਪਹਿਲਾਂ ਉਹ ਦਫ਼ਤਰ ਵਿਚ ਬਹਿਸਦੇ ਰਹੇ ਤੇ ਫ਼ਿਰ ਜਦੋਂ ਅਡੀਸ਼ਨਲ ਕਮਿਸ਼ਨਰ ਕਿੱਧਰੇ ਜਾਣ ਲੱਗੇ ਤਾਂ ਕਾਂਗਰਸੀ ਕੌਂਸਲਰਾਂ ਨੇ ਉਨ੍ਹਾਂ ਦੀ ਗੱਡੀ ਦਾ ਘਿਰਾਓ ਕੀਤਾ ਤੇ ਉੱਥੇ ਵੀ ਉਨ੍ਹਾਂ ਵਿਚਾਲੇ ਤਿੱਖੀ ਬਹਿਸ ਹੋ ਗਈ।
ਅਡੀਸ਼ਨਲ ਕਮਿਸ਼ਨਰ ਪਰਮਦੀਪ ਖਹਿਰਾ ਤੇ ਕਾਂਗਰਸੀ ਕੌਂਸਲਰਾਂ ਵਿਚਾਲੇ ਹੋਈ ਤਕਰਾਰ ਦੀ ਸੂਚਨਾ ਬੀ. ਐਂਡ ਆਰ. ਬ੍ਰਾਂਚ ਦੇ ਕਿਸੇ ਮੁਲਾਜ਼ਮ ਨੇ ਲੀਕ ਕੀਤੀ। ਇਸ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋਇਆ ਸੀ। ਹਾਲਾਂਕਿ ਬਾਅਦ ਵਿਚ ਕਾਂਗਰਸੀ ਕੌਂਸਲਰਾਂ ਤੇ ਅਡੀਸ਼ਨਲ ਕਮਿਸ਼ਨਰ ਵਿਚਾਲੇ ਬਹਿ ਕੇ ਗੱਲਬਾਤ ਹੋਈ ਗਈ ਹੈ ਤੇ ਦੋਹਾਂ ਨੇ ਮੀਟਿੰਗ ਕੀਤੀ ਹੈ। ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੋ ਸੜਕਾਂ, ਪਾਰਕਾਂ ਤੇ ਸਟ੍ਰੀਟ ਲਾਈਟਾਂ ਨਾਲ ਸਬੰਧਤ ਕੰਮ ਹਨ, ਉਹ ਕਰਵਾਏ ਜਾਣ। ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
