ਬਾਈਡੇਨ ਦੀ ਜਿੱਤ ਪਿੱਛੋਂ ਝੂੰਮੇ ਬਾਜ਼ਾਰ, ਸੈਂਸੈਕਸ 700 ਅੰਕ ਚੜ੍ਹ ਕੇ ਰਿਕਾਰਡ 'ਤੇ ਬੰਦ

Monday, Nov 09, 2020 - 03:32 PM (IST)

ਬਾਈਡੇਨ ਦੀ ਜਿੱਤ ਪਿੱਛੋਂ ਝੂੰਮੇ ਬਾਜ਼ਾਰ, ਸੈਂਸੈਕਸ 700 ਅੰਕ ਚੜ੍ਹ ਕੇ ਰਿਕਾਰਡ 'ਤੇ ਬੰਦ

ਮੁੰਬਈ— ਸੰਯੁਕਤ ਰਾਜ ਅਮਰੀਕਾ 'ਚ ਬਾਈਡੇਨ ਦੇ ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਸੋਮਵਾਰ ਨੂੰ ਗਲੋਬਲ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲੀ। ਸੈਂਸੈਕਸ 42,597.43 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਕੇ ਬੰਦ ਹੋਇਆ। ਨਿਫਟੀ ਨੇ ਵੀ 12,469.20 ਦੇ ਉੱਚ ਪੱਧਰ ਦਾ ਰਿਕਾਰਡ ਬਣਾਇਆ।

ਇਸ ਤੋਂ ਪਹਿਲਾਂ ਦੋਹਾਂ ਇੰਡੈਕਸ ਨੇ ਜਨਵਰੀ ਦੇ ਅੱਧ 'ਚ ਰਿਕਾਰਡ ਉੱਚ ਪੱਧਰ ਦਰਜ ਕੀਤਾ ਸੀ। ਕਾਰੋਬਾਰ ਦੌਰਾਨ ਸੈਂਸੈਕਸ ਤੇ ਨਿਫਟੀ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ।

ਸੈਂਸੈਕਸ 704.37 ਅੰਕ ਯਾਨੀ 1.68 ਫੀਸਦੀ ਦੀ ਬੜ੍ਹਤ ਨਾਲ 42,597.43 ਦੇ ਉੱਚ ਪੱਧਰ ਅਤੇ ਨਿਫਟੀ 205.65 ਅੰਕ ਯਾਨੀ 1.68 ਫੀਸਦੀ ਦੀ ਮਜਬੂਤੀ ਨਾਲ 12,469.20 ਦੇ ਪੱਧਰ 'ਤੇ ਬੰਦ ਹੋਇਆ। ਭਾਰਤੀ ਬਾਜ਼ਾਰ 'ਚ ਤੇਜ਼ੀ ਦਾ ਇਹ ਲਗਾਤਾਰ 6ਵਾਂ ਦਿਨ ਰਿਹਾ। ਕਾਰੋਬਾਰ ਦੌਰਾਨ ਹੀ ਸੈਂਸੈਕਸ ਪਿਛਲੇ 20 ਜਨਵਰੀ ਨੂੰ ਦਰਜ ਕੀਤੇ 42,273 ਦੇ ਇੰਟਰਾਡੇ ਰਿਕਾਰਡ ਤੋਂ ਪਾਰ ਨਿਕਲ ਗਿਆ ਸੀ। ਨਿਫਟੀ ਦਾ ਪਿਛਲਾ ਸਰਵ-ਉੱਚ ਪੱਧਰ 12,430.5 ਸੀ।

ਬੈਂਕਾਂ, ਆਈ. ਟੀ. ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) 'ਚ ਤੇਜ਼ੀ ਦੇ ਦਮ 'ਤੇ ਬਾਜ਼ਾਰ ਨੂੰ ਵੱਡੀ ਮਜਬੂਤੀ ਮਿਲੀ। ਸੈਂਸੈਕਸ 'ਚ ਸਭ ਤੋਂ ਵੱਧ 5.09 ਫੀਸਦੀ ਤੇਜ਼ੀ ਏਅਰਟੈੱਲ, ਇੰਡਸਇੰਡ (4.83 ਫੀਸਦੀ) ਤੇ ਐਕਸਿਸ ਬੈਂਕ (4.79) ਨੇ ਦਰਜ ਕੀਤੀ। ਬੀ. ਐੱਸ. ਈ. ਸੈਂਸੈਕਸ ਦੇ 30 'ਚੋਂ 27 ਸਟਾਕਸ ਹਰੇ ਨਿਸ਼ਾਨ 'ਤੇ ਬੰਦ ਹੋਏ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ 'ਚ ਨਿਫਟੀ ਬੈਂਕ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਇੰਡੈਕਸ ਰਿਹਾ, ਇਸ ਨੇ 800 ਅੰਕ ਯਾਨੀ 2.7 ਫੀਸਦੀ ਦੀ ਬੜ੍ਹਤ ਹਾਸਲ ਕੀਤੀ।

ਸੈਕਟਰਲ ਇੰਡੈਕਸ 'ਚ ਨਿਫਟੀ ਮੈਟਲ 1.8 ਫੀਸਦੀ ਦੇ ਵਾਧੇ ਨਾਲ ਦੂਜੇ ਨੰਬਰ 'ਤੇ ਰਿਹਾ। ਨਿਫਟੀ 50 ਦੇ 43 ਸਟਾਕਸ ਹਰੇ ਨਿਸ਼ਾਨ 'ਤੇ, ਜਦੋਂ ਕਿ 7 ਲਾਲ ਨਿਸ਼ਾਨ 'ਤੇ ਬੰਦ ਹੋਏ। ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੱਧ ਕੇ 165.68 ਲੱਖ ਕਰੋੜ ਰੁਪਏ ਹੋਣ ਨਾਲ ਨਿਵੇਸ਼ਕਾਂ ਦੀ ਸੰਪਤੀ 2.09 ਲੱਖ ਕਰੋੜ ਰੁਪਏ ਵੱਧ ਗਈ।


author

Sanjeev

Content Editor

Related News