ਵਾਧੇ ਨਾਲ ਬੰਦ ਹੋਏ ਸ਼ੇਅਰ ਬਜ਼ਾਰ, ਸੈਂਸੈਕਸ 917 ਅੰਕ ਮਜ਼ਬੂਤ ਅਤੇ ਨਿਫਟੀ 271 ਅੰਕ ਚੜ੍ਹਿਆ

02/04/2020 4:38:03 PM

ਮੁੰਬਈ — ਬਜਟ ਦੇ ਦਿਨ ਮਿਲੇ ਝਟਕੇ ਤੋਂ ਸ਼ੇਅਰ ਬਜ਼ਾਰ ਪੂਰੀ ਤਰ੍ਹਾਂ ਉਭਰ ਗਿਆ ਹੈ। ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਤੇ ਬਣੇ ਰਹੇ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਦੇ ਅੰਤ 'ਚ ਸੈਂਸੈਕਸ 917.07 ਅੰਕ ਯਾਨੀ ਕਿ 2.30 ਫੀਸਦੀ ਦੇ ਵਾਧੇ ਨਾਲ 40789.38 ਅੰਕ ਅਤੇ ਨਿਫਟੀ 271.75 ਅੰਕ ਯਾਨੀ ਕਿ 2.32 ਫੀਸਦੀ ਦੇ ਵਾਧੇ ਨਾਲ 11979.65 ਅੰਕ ਚੜ੍ਹ ਕੇ ਬੰਦ ਹੋਇਆ ਹੈ।

ਇਹ ਹਨ ਤੇਜ਼ੀ ਦੇ ਮੁੱਖ ਕਾਰਨ

ਅੱਠ ਸਾਲਾਂ ਦੇ ਉੱਚ ਪੱਧਰ 'ਤੇ ਨਿਰਮਾਣ ਗਤੀਵਿਧੀਆਂ

ਸਾਲ 2020 ਦੇ ਪਹਿਲੇ ਮਹੀਨੇ ਯਾਨੀ ਜਨਵਰੀ ਵਿਚ ਦੇਸ਼ ਵਿਚ ਨਿਰਮਾਣ ਖੇਤਰ ਦੀਆਂ ਗਤੀਵਿਧੀਆਂ ਵਿਚ ਸੁਧਾਰ ਹੋਇਆ ਹੈ। ਇਸ ਕਾਰਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਮਹੀਨਾਵਾਰ ਸਰਵੇਖਣ ਆਈਐਚਐਸ ਮਾਰਕੀਟ ਦੇ ਅਨੁਸਾਰ ਜਨਵਰੀ ਵਿਚ ਮੈਨੂਫੈਕਚਰਿੰਗ ਪੀਐਮਆਈ ਇੰਡੈਕਸ 55.3 ਅੰਕ ਰਿਹਾ। ਇਹ ਅੰਕੜਾ 2012 ਤੋਂ 2020 ਦੀ ਮਿਆਦ ਵਿਚ ਸਭ ਤੋਂ ਉੱਚਾ ਪੱਧਰ ਹੈ। ਯਾਨੀ ਇਹ ਅੱਠ ਸਾਲ ਦੀ ਉਚਾਈ 'ਤੇ ਪਹੁੰਚ ਗਿਆ ਹੈ।

ਕੱਚੇ ਤੇਲ ਦੀ ਕੀਮਤ 'ਚ ਭਾਰੀ ਗਿਰਾਵਟ 

ਕੱਚੇ ਤੇਲ ਦੀ ਕੀਮਤ 'ਚ ਭਾਰੀ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਪਿਛਲੇ ਦਿਨਾਂ ਵਿਚ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਘਟ ਕੇ 50 ਡਾਲਰ ਪ੍ਰਤੀ ਬੈਰਲ ਰਹਿ ਗਈ ਹੈ। ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ 12 ਜਨਵਰੀ ਤੋਂ ਵੇਖੀ ਜਾ ਰਹੀ ਹੈ। ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਵਿਚ ਵੀ ਵੇਖਣ ਨੂੰ ਮਿਲਿਆ।

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਤੇਜ਼ੀ 

ਇਸ ਦੇ ਨਾਲ ਵਿਸ਼ਲੇਸ਼ਕਾਂ ਅਨੁਸਾਰ ਏਸ਼ੀਆਈ ਬਾਜ਼ਾਰਾਂ ਵਿਚ ਵਾਧੇ ਦੇ ਨਾਲ ਕਾਰੋਬਾਰ ਹੋਣ ਨਾਲ ਵੀ ਭਾਰਤੀ ਬਾਜ਼ਾਰ ਵਿਚ ਤੇਜ਼ੀ ਦਾ ਕਾਰਨ ਬਣਿਆ ਹੈ। ਚੀਨੀ ਬਾਜ਼ਾਰ ਵਿਚ ਵੀ ਸਥਿਰਤਾ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਇਸ 'ਚ ਅੱਠ ਪ੍ਰਤੀਸ਼ਤ ਗਿਰਾਵਟ ਆਈ ਸੀ। ਸੋਮਵਾਰ ਨੂੰ ਯੂ.ਐਸ. ਦੇ ਸ਼ੇਅਰ ਬਾਜ਼ਾਰ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਜਾਪਾਨ ਦਾ ਇੰਡੈਕਸ ਨਿਕਕਈ ਮੰਗਲਵਾਰ ਨੂੰ 0.1 ਪ੍ਰਤੀਸ਼ਤ ਵਧਿਆ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ। ਇਨ੍ਹਾਂ 'ਚ ਆਈ.ਟੀ., ਪੀ.ਐਸ.ਯੂ., ਬੈਂਕ, ਫਾਰਮਾ, ਰੀਅਲਟੀ, ਪ੍ਰਾਈਵੇਟ ਬੈਂਕ, ਮੈਟਲ, ਮੀਡੀਆ ਅਤੇ ਆਟੋ ਸ਼ਾਮਲ ਹਨ।

ਟਾਪ ਗੇਨਰਜ਼

ਟਾਈਟਨ, ਇੰਫਰਾਟਲ, ਆਈਓਸੀ, ਬਜਾਜ ਫਿਨਸਰਵ, ਬੀਪੀਸੀਐਲ, ਆਈਟੀਸੀ, ਗੇਲ, ਟਾਟਾ ਸਟੀਲ ਅਤੇ ਐਚ.ਡੀ.ਐਫ.ਸੀ.

ਟਾਪ ਲੂਜ਼ਰਜ਼

ਜ਼ੀ ਲਿਮਟਿਡ, ਬਜਾਜ ਆਟੋ, ਯੈਸ ਬੈਂਕ ਅਤੇ ਹਿੰਦੁਸਤਾਨ ਯੂਨੀਲੀਵਰ


Related News