ਬਾਜ਼ਾਰ 'ਚ ਲਗਾਤਾਰ 9ਵੇਂ ਦਿਨ ਤੇਜ਼ੀ : ਸੈਂਸੈਕਸ 34,395 'ਤੇ, ਨਿਫਟੀ 10,550 ਦੇ ਕਰੀਬ ਬੰਦ

04/17/2018 3:52:41 PM

ਮੁੰਬਈ— ਲਗਾਤਾਰ 9ਵੇਂ ਦਿਨ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਸੈਂਸੈਕਸ 89.63 ਅੰਕ ਚੜ੍ਹ ਕੇ   34,395.06 'ਤੇ, ਜਦੋਂ ਕਿ ਨਿਫਟੀ 20.35 ਅੰਕ ਦੀ ਮਜ਼ਬੂਤੀ ਦਰਜ ਕਰਦੇ ਹੋਏ 10,548.70 'ਤੇ ਬੰਦ ਹੋਇਆ। ਜੂਨ-ਸਤੰਬਰ ਵਿਚਕਾਰ ਮਾਨਸੂਨ ਚੰਗਾ ਰਹਿਣ ਦੀ ਖਬਰ ਨਾਲ ਅੱਜ ਟਰੈਕਟਰ ਨਿਰਮਾਤਾਵਾਂ ਦੇ ਸਟਾਕ 'ਚ ਤੇਜ਼ੀ ਦੇਖਣ ਨੂੰ ਮਿਲੀ। ਮਹਿੰਦਰਾ ਐਂਡ ਮਹਿੰਦਰਾ, ਐਸਕਾਰਟ ਅਤੇ ਵੀ. ਐੱਸ. ਟੀ. ਟਿੱਲਰਜ਼ ਟਰੈਕਟਰ ਦੇ ਸਟਾਕ 'ਚ ਤੇਜ਼ੀ ਰਹੀ। ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਸੀਜ਼ਨ 'ਚ ਬਾਰਿਸ਼ ਚੰਗੀ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਹੈ। ਇਸ ਦੇ ਇਲਾਵਾ ਬੈਂਕਿੰਗ, ਆਟੋ, ਆਈ. ਟੀ. ਅਤੇ ਫਾਰਮਾ ਸੈਕਟਰ 'ਚ ਗਿਰਾਵਟ ਨਾਲ ਬਾਜ਼ਾਰ ਸੀਮਤ ਦਾਇਰੇ 'ਚ ਰਿਹਾ। ਅਕਸ਼ੈ ਤ੍ਰਿਤੀਆ ਨੂੰ ਦੇਖਦੇ ਹੋਏ ਜਿਊਲਰੀ ਨਿਰਮਾਤਾਵਾਂ ਦੇ ਸਟਾਕ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਜਿਊਲਰੀ ਨਿਰਮਾਤਾ ਜਿਵੇਂ ਕਿ ਪੀ. ਸੀ. ਜਿਊਲਰ, ਟਾਈਟਨ ਕੰਪਨੀ ਦੇ ਸਟਾਕ 'ਚ 1.5 ਫੀਸਦੀ ਤਕ ਦੀ ਤੇਜ਼ੀ ਦੇਖੀ ਗਈ। ਉੱਥੇ ਹੀ, ਨਿਫਟੀ 'ਚ ਐੱਫ. ਐੱਮ. ਸੀ. ਜੀ. ਅਤੇ ਰਿਐਲਟੀ ਸੈਕਟਰ ਇੰਡੈਕਸ ਨੇ ਅੱਜ ਚੰਗਾ ਪ੍ਰਦਰਸ਼ਨ ਕੀਤਾ।

ਹੁਣ ਨਿਵੇਸ਼ਕਾਂ ਦੀ ਨਜ਼ਰ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਹੈ। ਅਗਲੇ ਇਕ-ਡੇਢ ਮਹੀਨੇ 'ਚ ਕਈ ਕਾਰਪੋਰੇਟ ਕੰਪਨੀਆਂ ਦੇ ਨਤੀਜੇ ਜਾਰੀ ਹੋਣੇ ਹਨ। ਵੱਡੀਆਂ ਕੰਪਨੀਆਂ 'ਚੋਂ ਪਿਛਲੇ ਹਫਤੇ ਇੰਫੋਸਿਸ ਆਪਣੇ ਨਤੀਜੇ ਪੇਸ਼ ਕਰ ਚੁੱਕੀ ਹੈ, ਜਦੋਂ ਕਿ ਇਸ ਹਫਤੇ ਏ. ਸੀ. ਸੀ., ਇੰਡਸਇੰਡ ਬੈਂਕ, ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਲਾਈਫ ਅਤੇ ਐੱਚ. ਡੀ. ਐੱਫ. ਸੀ. ਬੈਂਕ ਆਪਣੇ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨਗੇ। ਨਿਵੇਸ਼ਕਾਂ ਦੀ ਨਜ਼ਰ ਨਤੀਜੀਆਂ ਦੇ ਨਾਲ-ਨਾਲ ਇਨ੍ਹਾਂ ਕੰਪਨੀਆਂ ਦੀਆਂ ਭਵਿੱਖ ਯੋਜਨਾਵਾਂ 'ਤੇ ਵਿਸ਼ੇਸ਼ ਕਰਕੇ ਹੈ। 19 ਅਪ੍ਰੈਲ ਨੂੰ ਇੰਡਸਇੰਡ ਬੈਂਕ ਅਤੇ ਟੀ. ਸੀ. ਐੱਸ. ਆਪਣੇ ਤਿਮਾਹੀ ਨਤੀਜੇ ਜਾਰੀ ਕਰਨਗੇ। ਇਸ ਵਿਚਕਾਰ ਮੰਗਲਵਾਰ ਨੂੰ ਕ੍ਰਿਸਿਲ ਅਤੇ ਮੁਥੂਟ ਕੈਪੀਟਲ ਨੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ। ਇਨ੍ਹਾਂ ਦੋਹਾਂ ਨੇ ਮਾਰਚ ਤਿਮਾਹੀ 'ਚ ਪ੍ਰਾਫਿਟ ਦਰਜ ਕੀਤਾ ਹੈ।

ਸੈਂਸੈਕਸ-ਨਿਫਟੀ ਦੇ ਟਾਪ ਸਟਾਕ
ਸੈਂਸੈਕਸ-ਨਿਫਟੀ 'ਤੇ ਅੱਜ ਪਾਵਰ ਗ੍ਰਿਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਇਲਾਵਾ ਸੈਂਸੈਕਸ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ੇਅਰਾਂ 'ਚ ਅੱਜ ਐੱਨ. ਟੀ. ਪੀ. ਸੀ., ਐੱਚ. ਯੂ. ਐੱਲ., ਭਾਰਤੀ ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਟਾਕ ਰਹੇ। ਨਿਫਟੀ 'ਚ ਐੱਚ. ਯੂ. ਐੱਲ., ਐੱਨ. ਟੀ. ਪੀ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਟਾਈਟਨ ਕੰਪਨੀ ਨੇ ਟਾਪ ਸਟਾਕ 'ਚ ਜਗ੍ਹਾ ਬਣਾਈ। ਉੱਥੇ ਨਿਫਟੀ ਦੇ 11 ਸੈਕਟਰ ਇੰਡੈਕਸ 'ਚੋਂ 5 ਸੈਕਟਰ ਗਿਰਾਵਟ 'ਚ ਬੰਦ ਹੋਏ ਹਨ। ਇਨ੍ਹਾਂ 'ਚ ਨਿਫਟੀ ਆਟੋ, ਨਿਫਟੀ ਆਈ. ਟੀ., ਨਿਫਟੀ ਮੀਡੀਆ, ਨਿਫਟੀ ਫਾਰਮਾ ਅਤੇ ਨਿਫਟੀ ਪੀ. ਐੱਸ. ਯੂ. ਬੈਂਕ ਸੈਕਟਰ ਇੰਡੈਕਸ ਗਿਰਾਵਟ 'ਚ ਬੰਦ ਹੋਏ ਹਨ।


Related News