ਸੈਂਸੈਕਸ 'ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,200 ਦੇ ਨੇੜੇ ਖੁੱਲ੍ਹਾ

10/07/2019 9:17:30 AM

ਮੁੰਬਈ— ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਸੰਕੇਤਾਂ ਤੇ ਆਰ. ਬੀ. ਆਈ. ਵੱਲੋਂ ਸ਼ੁੱਕਰਵਾਰ ਨੂੰ ਰੇਪੋ ਰੇਟ 'ਚ ਕੀਤੀ ਗਈ ਕਟੌਤੀ ਵਿਚਕਾਰ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਹਲਕੀ ਤੇਜ਼ੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ 123.94 ਅੰਕ ਦੀ ਹਲਕੀ ਮਜਬੂਤੀ ਨਾਲ 37,797.25 'ਤੇ ਸ਼ੁਰੂਆਤ ਕੀਤੀ ਹੈ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 19.60 ਅੰਕ ਯਾਨੀ 0.18 ਫੀਸਦੀ ਦੀ ਤੇਜ਼ੀ ਨਾਲ 11,194.35 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 10 ਅੰਕ ਦੀ ਕਮਜ਼ੋਰੀ ਤੇ ਬੈਂਕ ਨਿਫਟੀ 'ਚ 60 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 70.96 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 70.88 ਦੇ ਪੱਧਰ 'ਤੇ ਬੰਦ ਹੋਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਇਕਨੋਮੀ ਨੂੰ ਬੂਸਟ ਦੇਣ ਲਈ ਸ਼ੁੱਕਰਵਾਰ ਨੂੰ ਰੇਪੋ ਰੇਟ 'ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ। ਹਾਲਾਂਕਿ, ਵਿੱਤੀ ਸਾਲ 2019-20 ਲਈ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ 6.9 ਫੀਸਦੀ ਤੋਂ ਘਟਾ ਕੇ 6.1 ਫੀਸਦੀ ਕਰ ਦਿੱਤਾ। ਉੱਥੇ ਹੀ, ਇਸ ਹਫਤੇ ਟੀ. ਸੀ. ਐੱਸ., ਇੰਡਸਇੰਡ ਬੈਂਕ ਅਤੇ ਇਨਫੋਸਿਸ ਵੱਲੋਂ ਕਾਰਪੋਰੇਟ ਨਤੀਜੇ ਸ਼ੁਰੂ ਕਰਨ ਨਾਲ ਬਾਜ਼ਾਰ ਦਾ ਫੋਕਸ ਕਾਰਪੋਰੇਟ ਕਮਾਈ ਵੱਲ ਕੇਂਦਰਤ ਹੋਣ ਦੀ ਉਮੀਦ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-

PunjabKesari
ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਚ ਕਾਰੋਬਾਰ ਸ਼ਾਨਦਾਰ ਰਿਹਾ ਸੀ। ਸਤੰਬਰ 'ਚ ਬੇਰੋਜ਼ਗਾਰੀ ਦਰ 50 ਸਾਲਾਂ 'ਚ ਸਭ ਤੋਂ ਹੇਠਾਂ ਜਾਣ ਨਾਲ ਡਾਓ ਸਮੇਤ ਤਿੰਨੋਂ ਪ੍ਰਮੁੱਖ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ 372 ਅੰਕ ਉਛਲ ਕੇ 26,573.75 ਦੇ ਪੱਧਰ 'ਤੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 1.4 ਫੀਸਦੀ ਦੀ ਤੇਜ਼ੀ ਨਾਲ 2,952.01 ਦੇ ਪੱਧਰ 'ਤੇ ਅਤੇ ਨੈਸਡੈਕ ਕੰਪੋਜ਼ਿਟ 1.4 ਫੀਸਦੀ ਚੜ੍ਹ ਕੇ 7,982.47 'ਤੇ ਬੰਦ ਹੋਇਆ ਸੀ।
ਉੱਥੇ ਹੀ, ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਐੱਸ. ਜੀ. ਐਕਸ. ਨਿਫਟੀ 15 ਅੰਕ ਯਾਨੀ 0.10 ਫੀਸਦੀ ਚੜ੍ਹ ਕੇ 11,217 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 42 ਅੰਕ ਯਾਨੀ 0.20 ਫੀਸਦੀ ਦੀ ਗਿਰਾਵਟ ਨਾਲ 21,367 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ 0.07 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ ਤੇ ਇਹ 2,022 ਦੇ ਪੱਧਰ 'ਤੇ ਸੀ। ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 0.5 ਫੀਸਦੀ ਦੀ ਮਜਬੂਤੀ ਨਾਲ 3,095 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਤੇ ਹਾਂਗਕਾਂਗ ਦੇ ਬਾਜ਼ਾਰ ਜਿੱਥੇ ਅੱਜ ਬੰਦ ਹਨ, ਉੱਥੇ ਹੀ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ-ਚੀਨ ਵਿਚਕਾਰ ਨਵੇਂ ਦੌਰ ਦੀ ਵਪਾਰਕ ਗੱਲਬਾਤ 'ਤੇ ਹੈ, ਜੋ ਇਸ ਹਫਤੇ ਦੇ ਅੰਤ 'ਚ ਸ਼ੁਰੂ ਹੋਣ ਵਾਲੀ ਹੈ।


Related News