100 ਤੋਂ ਵੱਧ ਔਰਤਾਂ ਨਾਲ ਜਬਰ-ਜ਼ਿਨਾਹ ਕਰਨ ਵਾਲੇ ਹਰਿਆਣਾ ਦੇ ਜਲੇਬੀ ਬਾਬਾ ਦੀ ਜੇਲ੍ਹ ''ਚ ਮੌਤ
Thursday, May 09, 2024 - 02:20 PM (IST)

ਹਿਸਾਰ- ਹਰਿਆਣਾ ਦੇ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿਚ ਕੈਦ ਜਲੇਬੀ ਬਾਬਾ ਦੇ ਨਾਂ ਤੋਂ ਮਸ਼ਹੂਰ ਕੈਦੀ ਬਿੱਲੂ ਰਾਮ ਉਰਫ਼ ਅਮਰਪੁਰੀ ਦੀ ਮੌਤ ਹੋ ਗਈ। ਜਲੇਬੀ ਬਾਬਾ 'ਤੇ 120 ਤੋਂ ਵੱਧ ਔਰਤਾਂ ਨਾਲ ਜਬਰ-ਜ਼ਿਨਾਹ ਦੀ ਵੀਡੀਓ ਬਣਾਉਣ ਦਾ ਦੋਸ਼ੀ ਸੀ।ਮੰਗਲਵਾਰ ਨੂੰ ਉਸ ਦੀ ਸਿਹਤ ਵਿਗੜ ਗਈ ਸੀ ਤਾਂ ਪੁਲਸ ਮੁਲਾਜ਼ਮ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਸਨ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਜਲੇਬੀ ਬਾਬਾ ਜਬਰ-ਜ਼ਿਨਾਹ ਅਤੇ ਆਈ. ਟੀ. ਐਕਟ ਤਹਿਤ 14 ਸਾਲ ਦੀ ਸਜ਼ਾ ਕੱਟ ਰਿਹਾ ਸੀ। ਉਸ 'ਤੇ ਦੋਸ਼ ਸੀ ਕਿ ਉਸ ਨੇ ਕਈ ਔਰਤਾਂ ਨਾਲ ਜਬਰਨ ਸਰੀਰਕ ਸਬੰਧ ਬਣਾਏ ਸਨ। ਉਸ ਦੀਆਂ ਇਨ੍ਹਾਂ ਹਰਕਤਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ। ਮਾਮਲਾ ਉਸ ਸਮੇਂ ਚਰਚਾ ਵਿਚ ਬਣਿਆ ਸੀ ਅਤੇ ਕੋਰਟ ਨੇ ਬਾਬਾ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ।
ਕਈ ਦਿਨਾਂ ਤੋਂ ਬੀਮਾਰ ਸੀ ਬਾਬਾ
ਪੁਲਸ ਮੁਤਾਬਕ ਜੇਲ੍ਹ ਵਿਚ ਬਾਬਾ ਕਈ ਦਿਨਾਂ ਤੋਂ ਬੀਮਾਰ ਸੀ। ਉਸ ਨੂੰ ਅਗਰੋਹਾ ਮੈਡੀਕਲ ਕਾਲਜ ਲਿਆਂਦਾ ਗਿਆ ਤਾਂ ਉਸ ਦੀ ਸਿਹਤ ਵਿਚ ਸੁਧਾਰ ਹੋਇਆ। ਇਸ ਤੋਂ ਬਾਅਦ ਉਸ ਨੂੰ ਵਾਪਸ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਪਰ ਬੈਰਕ ਵਿਚ ਉਸ ਦੀ ਸਿਹਤ ਫਿਰ ਵਿਗੜ ਗਈ ਅਤੇ ਮੁੜ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਲਿਆਂਦਾ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਔਰਤਾਂ ਨੂੰ ਵਰਗਲਾ ਕੇ ਚਾਹ 'ਚ ਖੁਆਉਂਦਾ ਸੀ ਨਸ਼ੀਲੀਆਂ ਗੋਲੀਆਂ
ਪੁਲਸ ਪੁੱਛਗਿੱਛ ਦੌਰਾਨ ਜਲੇਬੀ ਬਾਬਾ ਨੇ ਦੱਸਿਆ ਕਿ ਉਹ ਆਪਣੇ ਕੋਲ ਆਉਣ ਵਾਲੀਆਂ ਔਰਤਾਂ ਨੂੰ ਵਰਗਲਾ ਕੇ ਚਾਹ ਵਿਚ ਨਸ਼ੀਲੀਆਂ ਗੋਲੀਆਂ ਪਿਲਾ ਕੇ ਉਨ੍ਹਾਂ ਨਾਲ ਘਿਨਾਉਣੀਆਂ ਹਰਕਤਾਂ ਕਰਦਾ ਸੀ। ਉਸ ਨੇ ਆਪਣੇ ਮੋਬਾਈਲ 'ਤੇ ਅਜਿਹੀਆਂ ਅਸ਼ਲੀਲ ਹਰਕਤਾਂ ਦੀਆਂ ਵੀਡੀਓ ਵੀ ਬਣਾਈਆਂ। ਬਾਅਦ ਵਿਚ ਉਹ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਪੈਸੇ ਵਸੂਲਦਾ ਸੀ। ਬਦਨਾਮੀ ਦੇ ਡਰੋਂ ਔਰਤਾਂ ਕਿਸੇ ਨੂੰ ਕੁਝ ਨਹੀਂ ਦੱਸ ਸਕਦੀਆਂ ਸਨ।
13 ਅਕਤੂਬਰ 2017 ਨੂੰ ਇਕ ਔਰਤ ਦੀ ਸ਼ਿਕਾਇਤ 'ਤੇ ਉਸ ਖਿਲਾਫ ਥਾਣਾ ਸਿਟੀ ਟੋਹਾਣਾ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 19 ਜੁਲਾਈ 2018 ਨੂੰ ਤਤਕਾਲੀ SHO ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਵੀ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਕਰਨ ਤੋਂ ਬਾਅਦ ਜਦੋਂ ਪੁਲਸ ਬਾਬੇ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਮੌਕੇ ਤੋਂ ਚਿਮਟੇ, ਸੁਆਹ, ਨਸ਼ੀਲੀਆਂ ਗੋਲੀਆਂ, VCR ਆਦਿ ਬਰਾਮਦ ਹੋਇਆ। ਇਸ ਤੋਂ ਇਲਾਵਾ ਬਾਬੇ ਦੇ ਮੋਬਾਈਲ 'ਚੋਂ ਕਰੀਬ 120 ਵੱਖ-ਵੱਖ ਔਰਤਾਂ ਨਾਲ ਸਰੀਰਕ ਸਬੰਧ ਬਣਾਉਣ ਦੀਆਂ ਵੀਡੀਓ ਵੀ ਬਰਾਮਦ ਹੋਈਆਂ ਹਨ।