ਸੈਂਸੈਕਸ 'ਚ 200 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,540 ਤੋਂ ਪਾਰ ਖੁੱਲ੍ਹਾ
Tuesday, Oct 01, 2019 - 09:18 AM (IST)

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਚੰਗੇ ਸੰਕੇਤਾਂ ਵਿਚਕਾਰ ਅਕਤੂਬਰ ਮਹੀਨੇ ਦੇ ਪਹਿਲੇ ਦਿਨ ਯਾਨੀ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਵੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਨੇ 218 ਅੰਕ ਦੀ ਤੇਜ਼ੀ ਨਾਲ 38,885.51 'ਤੇ ਸ਼ੁਰੂਆਤ ਕੀਤੀ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 69.05 ਅੰਕ ਯਾਨੀ 0.60 ਫੀਸਦੀ ਦੀ ਬੜ੍ਹਤ ਨਾਲ 11543.50 'ਤੇ ਖੁੱਲ੍ਹਾ ਹੈ।
ਨਿਵੇਸ਼ਕਾਂ ਦੀ ਨਜ਼ਰ ਹੁਣ ਆਰ. ਬੀ. ਆਈ. ਦੀ ਪਾਲਿਸੀ 'ਤੇ ਹੈ। ਬਾਜ਼ਾਰ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 4 ਅਕਤੂਬਰ ਨੂੰ ਜਾਰੀ ਹੋਣ ਵਾਲੀ ਪਾਲਿਸੀ 'ਚ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ।
ਉੱਥੇ ਹੀ, ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 70 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 300 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਡਾਲਰ ਦੇ ਮੁਕਾਬਲੇ ਰੁਪਿਆ 70.73 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ ਇਹ 70.87 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ. ਬਾਜ਼ਾਰ ਮਜਬੂਤੀ 'ਚ ਬੰਦ ਹੋਏ ਹਨ। ਡਾਓ ਜੋਂਸ 0.4 ਫੀਸਦੀ ਚੜ੍ਹ ਕੇ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.50 ਫੀਸਦੀ ਤੇ ਨੈਸਡੈਕ ਕੰਪੋਜ਼ਿਟ 0.75 ਫੀਸਦੀ ਵੱਧ ਕੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਐੱਸ. ਜੀ. ਐਕਸ. ਨਿਫਟੀ 62 ਅੰਕ ਯਾਨੀ 054 ਫੀਸਦੀ ਦੀ ਮਜਬੂਤੀ ਨਾਲ 11,593 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਜਪਾਨ ਦਾ ਬਾਜ਼ਾਰ 0.75 ਫੀਸਦੀ ਦੀ ਤੇਜ਼ੀ ਨਾਲ 21,920 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ 'ਚ ਇਸ ਦੌਰਾਨ 0.48 ਫੀਸਦੀ ਦੀ ਮਜਬੂਤੀ ਤੇ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 1.08 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।