ਸੈਂਸੈਕਸ ਵਿਚ ਜ਼ੋਰਦਾਰ 400 ਅੰਕ ਦਾ ਉਛਾਲ, ਨਿਫਟੀ ਵੀ 11,000 ਦੇ ਨੇੜੇ
Monday, Aug 26, 2019 - 09:18 AM (IST)

ਮੁੰਬਈ— ਸਰਕਾਰ ਵੱਲੋਂ ਐੱਫ. ਪੀ. ਆਈ. ਅਤੇ ਘਰੇਲੂ ਇਕੁਇਟੀ ਨਿਵੇਸ਼ਕਾਂ 'ਤੇ ਬਜਟ 'ਚ ਪ੍ਰਸਤਾਵਿਤ ਵਾਧੂ ਸਰਚਾਰਜ ਵਾਪਸ ਲੈਣ ਦੇ ਫੈਸਲੇ ਨਾਲ ਸੋਮਵਾਰ ਨੂੰ ਬਾਜ਼ਾਰ 'ਚ ਸ਼ਾਨਦਾਰ ਬੜ੍ਹਤ ਦਰਜ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 400 ਅੰਕ ਦੀ ਮਜਬੂਤੀ ਨਾਲ 37,041.60 ਦੇ ਪੱਧਰ 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 105 ਅੰਕ ਯਾਨੀ 0.97 ਫੀਸਦੀ ਦੀ ਤੇਜ਼ੀ ਨਾਲ 10934.75 ਦੇ ਪੱਧਰ 'ਤੇ ਖੁੱਲ੍ਹਾ ਹੈ।ਹਾਲਾਂਕਿ, ਯੂ. ਐੱਸ.-ਚੀਨ ਵਿਚਕਾਰ ਵਪਾਰ ਯੁੱਧ ਵਧਣ ਨਾਲ ਗਲੋਬਲ ਬਾਜ਼ਾਰਾਂ 'ਚ ਕਾਰੋਬਾਰ ਲਾਲ ਨਿਸ਼ਾਨ 'ਚ ਹਨ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 170 ਅੰਕ ਦੀ ਮਜਬੂਤੀ ਅਤੇ ਬੈਂਕ ਨਿਫਟੀ 'ਚ 700 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.98 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 71.66 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਚੀਨ ਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਸਿਖਰਾਂ 'ਤੇ ਪੁੱਜਣ ਕਾਰਨ ਗਲੋਬਲ ਬਾਜ਼ਾਰਾਂ 'ਚ ਕਾਰੋਬਾਰ ਲਾਲ ਨਿਸ਼ਾਨ 'ਚ ਹਨ। ਨਿਵੇਸ਼ਕਾਂ ਨੂੰ ਵਪਾਰ ਯੁੱਧ ਕਾਰਨ ਗਲੋਬਲ ਮੰਦੀ ਦਾ ਖਦਸ਼ਾ ਸਤਾ ਰਿਹਾ ਹੈ। ਬੀਜਿੰਗ ਨੇ ਪਿਛਲੇ ਸ਼ੁੱਕਰਵਾਰ ਨੂੰ 75 ਅਰਬ ਡਾਲਰ ਦੀਆਂ ਅਮਰੀਕੀ ਇੰਪੋਰਟਡ ਵਸਤਾਂ 'ਤੇ ਨਵਾਂ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ, ਜੋ 5 ਤੋਂ 10 ਫੀਸਦੀ ਵਿਚਕਾਰ ਹੋਵੇਗਾ।
ਉੱਥੇ ਹੀ, ਜਵਾਬ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ 'ਚ ਕੀਤਾ ਕਿ ਯੂ. ਐੱਸ. 250 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 30 ਫੀਸਦੀ ਕਰ ਦੇਵੇਗਾ, ਨਾਲ 300 ਅਰਬ ਡਾਲਰ ਦੇ ਹੋਰ ਚੀਨੀ ਸਮਾਨਾਂ 'ਤੇ ਲੱਗਣ ਜਾ ਰਿਹਾ ਨਵਾਂ ਪ੍ਰਸਤਾਵਿਤ ਟੈਰਿਫ ਵੀ 10 ਤੋਂ ਵਧਾ ਕੇ 15 ਫੀਸਦੀ ਕੀਤਾ ਜਾ ਰਿਹਾ ਹੈ।
ਇਨ੍ਹਾਂ ਰਿਪੋਰਟਾਂ ਵਿਚਕਾਰ ਸੋਮਵਾਰ ਨੂੰ ਕਾਰੋਬਾਰ ਦੌਰਾਨ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 42.35 ਯਾਨੀ 1.46 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 472 ਅੰਕ ਯਾਨੀ 2.22 ਫੀਸਦੀ ਦੀ ਗਿਰਾਵਟ 'ਚ ਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ 918 ਅੰਕ ਯਾਨੀ 3.15 ਫੀਸਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਨੈਸ਼ਨਲ ਸਟਾਕ ਐਕਸਚੇਂਜ ਦਾ ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 60 ਅੰਕ ਯਾਨੀ 0.6 ਫੀਸਦੀ ਦੀ ਬੜ੍ਹਤ 'ਚ ਹੈ। ਉੱਥੇ ਹੀ, ਦੱਖਣੀ ਕੋਰੀਆ ਦੇ ਬਾਜ਼ਾਰ 'ਚ 1.7 ਫੀਸਦੀ ਅਤੇ ਸਿੰਗਾਪੁਰ ਦੇ ਸਟ੍ਰੇਟਸ ਟਾਈਮਜ਼ 'ਚ 1.6 ਫੀਸਦੀ ਦੀ ਕਮਜ਼ੋਰੀ ਦਰਜ ਹੋਈ।