ਫੋਕਲ ਪੁਆਇੰਟ ਨੇੜੇ ਹਾਈਵੇਅ ਦੀ ਸਰਵਿਸ ਲਾਈਨ ’ਤੇ ਪਲਟਿਆ ਟਰੱਕ, ਲੱਖਾਂ ਦਾ ਨੁਕਸਾਨ

Thursday, Oct 02, 2025 - 08:13 PM (IST)

ਫੋਕਲ ਪੁਆਇੰਟ ਨੇੜੇ ਹਾਈਵੇਅ ਦੀ ਸਰਵਿਸ ਲਾਈਨ ’ਤੇ ਪਲਟਿਆ ਟਰੱਕ, ਲੱਖਾਂ ਦਾ ਨੁਕਸਾਨ

ਜਲੰਧਰ, (ਖੁਰਾਣਾ)– ਜਲੰਧਰ ਸ਼ਹਿਰ ’ਚ ਮੁੱਢਲੀਆਂ ਨਾਗਰਿਕ ਸਹੂਲਤਾਂ ਦੀ ਅਣਗਹਿਲੀ ਦਾ ਨਤੀਜਾ ਅੱਜ ਫਿਰ ਦੇਖਣ ਨੂੰ ਮਿਲਿਆ। ਫੋਕਲ ਪੁਆਇੰਟ ਦੇ ਨੇੜੇ ਸੰਜੇ ਗਾਂਧੀ ਨਗਰ ਤੋਂ ਲੰਘਦੀ ਹਾਈਵੇਅ ਦੀ ਸਰਵਿਸ ਲਾਈਨ ’ਤੇ ਸਾਮਾਨ ਨਾਲ ਲੱਦਿਆ ਇਕ ਟਰੱਕ ਡੂੰਘੇ ਟੋਏ ’ਚ ਫਸ ਕੇ ਪਲਟ ਗਿਆ, ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸਰਵਿਸ ਲਾਈਨ ’ਤੇ ਪਿਛਲੇ ਕਈ ਮਹੀਨਿਆਂ ਤੋਂ ਡੂੰਘੇ ਟੋਏ ਬਣੇ ਹੋਏ ਹਨ, ਜਿਨ੍ਹਾਂ ਦੀ ਮੁਰੰਮਤ ਵੱਲ ਨਾ ਤਾਂ ਨਗਰ ਨਿਗਮ ਜਲੰਧਰ ਨੇ ਧਿਆਨ ਦਿੱਤਾ ਤੇ ਨਾ ਹੀ ਹਾਈਵੇਅ ਅਥਾਰਟੀ ਨੇ। ਨਿਗਮ ਕਮਿਸ਼ਨਰ ਤੇ ਮੇਅਰ ਦੀ ਚਿਤਾਵਨੀ ਦੇ ਬਾਵਜੂਦ ਸਬੰਧਤ ਵਿਭਾਗਾਂ ਦੀ ਲਾਪਰਵਾਹੀ ਨਾਲ ਇਹ ਰਸਤਾ ਖ਼ਤਰਨਾਕ ਬਣਿਆ ਹੋਇਆ ਹੈ।

ਅੱਜ ਸਵੇਰੇ ਪਏ ਹਲਕੇ ਮੀਂਹ ਤੋਂ ਬਾਅਦ ਸਰਵਿਸ ਲਾਈਨ ’ਤੇ ਪਾਣੀ ਭਰ ਗਿਆ, ਜਿਸ ਨਾਲ ਟੋਏ ਪੂਰੀ ਤਰ੍ਹਾਂ ਲੁਕ ਗਏ। ਇਸੇ ਦੌਰਾਨ ਲੰਘ ਰਿਹਾ ਸਾਮਾਨ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ’ਚ ਡਰਾਈਵਰ ਤਾਂ ਵਾਲ-ਵਾਲ ਬਚ ਗਿਆ ਪਰ ਟਰੱਕ ’ਚ ਲੱਦਿਆ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕ ਨਿਗਮ ਪ੍ਰਸ਼ਾਸਨ ਨੂੰ ਕੋਸਦੇ ਦਿਖੇ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਬੁਨਿਆਦੀ ਢਾਂਚੇ ਨੂੰ ਠੀਕ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਅਜਿਹੇ ਲਗਾਤਾਰ ਹੁੰਦੇ ਰਹਿਣਗੇ।


author

Rakesh

Content Editor

Related News