ਪੰਜਾਬ ਨੈਸ਼ਨਲ ਬੈਂਕ ਵਿਚ ਪੈ ਗਿਆ ਭੜਥੂ, ਔਰਤ ਨਾਲ ਹੋਈ ਘਟਨਾ ਦੇਖ ਸਭ ਦੇ ਉਡੇ ਹੋਸ਼
Friday, Oct 03, 2025 - 06:02 PM (IST)

ਹਾਜੀਪੁਰ (ਜੋਸ਼ੀ) : ਅੱਜ ਹਾਜੀਪੁਰ ਵਿਚ ਇਕ ਔਰਤ ਉਸ ਸਮੇਂ ਦੋ ਅਣਪਛਾਤੀਆਂ ਔਰਤਾਂ ਦੀ ਲੁੱਟ ਦਾ ਸ਼ਿਕਾਰ ਹੋ ਗਈ ਜਦੋਂ ਉਹ ਬੈਂਕ ਵਿਚੋਂ ਪੈਸੇ ਕਢਵਾਉਣ ਤੋਂ ਬਾਅਦ ਬੈਂਕ ਕਾਪੀ (ਪਾਸਬੁੱਕ) ਵਿਚ ਮਸ਼ੀਨ ਰਾਹੀਂ ਐਂਟਰੀ ਕਰਵਾਉਣ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਹਾਜੀਪੁਰ ਦੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿਚ ਚੰਚਲਾ ਦੇਵੀ ਪਤਨੀ ਰਾਮ ਸਿੰਘ, ਵਾਸੀ ਪਿੰਡ ਰਕੜੀ-ਹਾਰ ਨੇ ਆਪਣੇ ਬੈਂਕ ਖਾਤੇ ਵਿਚੋਂ 35 ਹਜ਼ਾਰ ਰੁਪਏ ਕਢਵਾਏ । ਰੁਪਏ ਕਢਵਾਉਣ ਤੋਂ ਬਾਅਦ ਜਦੋਂ ਚੰਚਲਾ ਦੇਵੀ ਬੈਂਕ ਵਿਚ ਲੱਗੀ ਐਂਟਰੀ ਮਸ਼ੀਨ ਵਿਚ ਆਪਣੀ ਬੈਂਕ ਕਾਪੀ ਵਿਚ ਐਂਟਰੀ ਕਰਵਾਉਣ ਲੱਗੀ ਤਾਂ ਬੈਂਕ ਵਿਚ ਭੀੜ ਹੋਣ ਕਾਰਨ ਜਦੋਂ ਉਹ ਲਾਈਨ ਵਿਚ ਲੱਗੀ ਹੋਈ ਸੀ ਤਾਂ ਉਸ ਸਮੇਂ ਭੀੜ ਦਾ ਫਾਇਦਾ ਚੁੱਕਦੇ ਹੋਏ ਦੋ ਅਣਪਛਾਤੀਆਂ ਔਰਤਾਂ ਨੇ ਉਸ ਦੇ ਬੈਗ ਨੂੰ ਬਲੇਡ ਨਾਲ ਕੱਟ ਕੇ ਉਸ ਵਿੱਚੋਂ 35 ਹਜ਼ਾਰ ਰੁਪਏ ਕੱਢੇ ਅਤੇ ਫਰਾਰ ਹੋ ਗਈਆਂ।
ਚੰਚਲਾ ਦੇਵੀ ਨੂੰ ਉਸ ਸਮੇਂ ਬੈਗ ਵਿਚੋਂ ਪੈਸੇ ਨਿਕਲਣ ਬਾਰੇ ਪਤਾ ਲੱਗਾ ਜਦੋਂ ਉਹ ਆਪਣੀ ਕਾਪੀ ਬੈਗ ਵਿਚ ਪਾਉਣ ਲੱਗੀ ਤਾਂ ਦੇਖਿਆ ਕਿ ਬੈਗ ਸਾਰਾ ਫਟਿਆ ਹੋਇਆ ਹੈ ਅਤੇ ਉਸ ਵਿਚੋਂ 35 ਹਜ਼ਾਰ ਰੁਪਏ ਗਾਇਬ ਹੋ ਚੁੱਕੇ ਹਨ। ਸ਼ਾਖਾ ਪ੍ਰਬੰਧਕ ਨੂੰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਬੈਂਕ ਵਿਚ ਚੱਲ ਰਹੇ ਕੰਮ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ। ਅਣਪਛਾਤੀਆਂ ਔਰਤਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈਆਂ ਹਨ ਅਤੇ ਔਰਤਾਂ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਹਨ । ਇਲਾਕੇ ਦੇ ਲੋਕਾਂ ਨੇ ਬੈਂਕ ਦੇ ਵੱਡੇ ਅਧਿਕਾਰੀਆਂ ਤੋਂ ਬੈਂਕ ਅੰਦਰ ਸਕਿਓਰਿਟੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਨੂੰ ਇਸ ਤਰਾਂ ਦੀਆਂ ਲੁੱਟ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।