ਤਰਨਤਾਰਨ 'ਚ 'ਪਹਿਲੇ ਤੋੜ ਦੀ ਲਾਲ ਪਰੀ' ਦਾ ਸਿਲਸਿਲਾ ਜਾਰੀ, ਕਿਸੇ ਵੇਲੇ ਵੀ ਹੋ ਸਕਦੈ ਲੋਕਾਂ ਦਾ ਜਾਨੀ ਨੁਕਸਾਨ
Monday, Oct 06, 2025 - 04:04 PM (IST)

ਤਰਨਤਾਰਨ (ਰਮਨ)- ਸਰਹੱਦੀ ਜ਼ਿਲਾ ਤਰਨਤਾਰਨ ਵਿਚ ਨਾਜਾਇਜ਼ ਸ਼ਰਾਬ ਕੱਢਣ ਅਤੇ ਇਸ ਦੀ ਵਿਕਰੀ ਕਰਨ ਸਬੰਧੀ ਕਾਲਾ ਧੰਦਾ ਲਗਾਤਾਰ ਜਾਰੀ ਹੈ, ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸ਼ਰਾਬ ਦੇ ਸ਼ੌਕੀਨਾਂ ਅਨੁਸਾਰ ਸੱਸਤੀ ਅਤੇ ਲਾਭਦਾਇਕ ਮੰਨੀ ਜਾਣ ਵਾਲੀ ਇਸ ਦੇਸੀ ਲਾਲ ਪਰੀ ਨੂੰ ਤਿਆਰ ਕਰਨ ਲਈ ਜਿੱਥੇ ਕੁਝ ਲੋਕ ਵਧੀਆ ਗੁੜ ਦਾ ਇਸਤੇਮਾਲ ਕਰ ਰਹੇ ਹਨ, ਉਥੇ ਹੀ ਜ਼ਿਆਦਾਤਰ ਸ਼ਰਾਬ ਕਾਰੋਬਾਰੀ ਅਲਕੋਹਲ ਦੀ ਵਰਤੋਂ ਨਾਲ ਇਸ ਨੂੰ ਤਿਆਰ ਕਰਕੇ ਅੱਗੇ ਵੇਚਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਚੱਲਦਿਆਂ ਬੀਤੇ ਸਮੇਂ ਦੌਰਾਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪ੍ਰੰਤੂ ਜੇ ਹੁਣ ਇਸ ਦੇਸੀ ਸ਼ਰਾਬ ਦੇ ਚੱਲਦਿਆਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋ ਸਕਦਾ ਹੈ।
ਇਹ ਵੀ ਪੜ੍ਹੋ-ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਰੀ ਕੀਤੇ ਵੱਡੇ ਹੁਕਮ
ਜਾਣਕਾਰੀ ਅਨੁਸਾਰ ਠੰਢ ਦੇ ਦਿਨਾਂ ਵਿਚ ਤਿਆਰ ਕੀਤੀ ਜਾਣ ਵਾਲੀ ਦੇਸੀ ਲਾਲ ਪਰੀ ਲਈ ਕਰੀਬ 60 ਕਿਲੋ ਦੇਸੀ ਗੁੜ ਨੂੰ ਗਾਚੀ ਅਤੇ ਨਸ਼ਾਦਰ ਵਿਚ ਮਿਲਾਉਂਦੇ ਹੋਏ ਜ਼ਿਆਦਾ ਮਾਤਰਾ ਦੇ ਪਾਣੀ ਵਿਚ ਘੋਲ ਬਣਾ ਲਿਆ ਜਾਂਦਾ ਹੈ। ਜਿਸ ਨੂੰ ਲਗਾਤਾਰ ਰੋਜ਼ਾਨਾ ਹਿਲਾਇਆ ਜਾਂਦਾ ਹੈ। ਕਰੀਬ 10 ਦਿਨਾਂ ਤੋਂ ਬਾਅਦ ਤਿਆਰ ਹੋਏ ਇਸ ਦੇਸੀ ਸ਼ਰਾਬ ਦੇ ਘੋਲ ਹੇਠਾਂ ਮੌਸਮ ਦੇ ਅਨੁਸਾਰ ਅੱਗ ਦੀ ਵਰਤੋਂ ਕਰਦੇ ਹੋਏ ਭੱਠੀ ਲਗਾ ਲਈ ਜਾਂਦੀ ਹੈ। ਇਸ ਦੇ ਅੱਗੇ ਲਗਾਏ ਗਏ ਵਿਸ਼ੇਸ਼ ਕਿਸਮ ਦੇ ਭਾਂਡੇ ਨਾਲ ਜੋੜੀ ਗਈ ਨਾਲੀ ਰਾਹੀਂ ਨਿਕਲਣ ਵਾਲੀ ਭਾਫ ਦੀ ਇਕ-ਇਕ ਬੂੰਦ ਬੋਤਲ ਵਿਚ ਇਕੱਤਰ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਨੂੰ ਪਹਿਲੇ ਤੋੜ ਦੀ ਦੇਸੀ ਸ਼ਰਾਬ ਕਿਹਾ ਜਾਂਦਾ ਹੈ। ਕਰੀਬ 60 ਕਿਲੋ ਗੁੜ ਦੀ ਲਾਗਤ ਨਾਲ 50 ਬੋਤਲਾਂ ਦੇਸੀ ਸ਼ਰਾਬ ਤਿਆਰ ਕਰ ਲਈ ਜਾਂਦੀ ਹੈ। ਇਸ ਵਧੀਆ ਕਿਸਮ ਦੇ ਗੁੜ ਨਾਲ ਤਿਆਰ ਕੀਤੀ ਗਈ ਨਾਜਾਇਜ਼ ਲਾਲ ਪਰੀ ਮਹਿੰਗੀ ਅੰਗਰੇਜ਼ੇ ਸਕੌਚ ਨੂੰ ਵੀ ਮਾਤ ਦੇ ਦਿੰਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹੇ ਅੰਦਰ ਬੀਤੇ ਸਮੇਂ ਦੌਰਾਨ ਖਤਰਨਾਕ ਅਲਕੋਹਲ ਦੀ ਵਰਤੋਂ ਕਰਦੇ ਹੋਏ ਨਾਜਾਇਜ਼ ਸ਼ਰਾਬ ਨੂੰ ਤਿਆਰ ਕਰਕੇ ਲੋਕਾਂ ਤੱਕ ਸੱਸਤੇ ਰੇਟਾਂ ਤਹਿਤ ਥੈਲੀਆਂ ਵਿਚ ਪੈਕ ਕਰਦੇ ਹੋਏ ਵੇਚਿਆ ਜਾਂਦਾ ਸੀ, ਜਿਸ ਦੇ ਚੱਲਦਿਆਂ ਕੁਝ ਸਾਲ ਪਹਿਲਾਂ ਇਸ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਰਕੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਸਾਰੇ ਮਾਮਲੇ ਦਾ ਜ਼ਿੰਮੇਵਾਰ ਸਬੰਧਤ ਐਕਸਾਈਜ਼ ਵਿਭਾਗ ਦੇ ਮਹਿਕਮੇ ਨੂੰ ਮੰਨਿਆ ਜਾਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਸ਼ਰਾਬ ਨਾਲ ਸਬੰਧਤ ਜ਼ਿਲੇ ਭਰ ਵਿਚ ਮੌਜੂਦ ਪਿੰਡਾਂ ਅੰਦਰ ਕੀ ਕਾਰੋਬਾਰ ਚੱਲ ਰਿਹਾ ਹੈ ਦੀ ਰਿਪੋਰਟ ਸਰਕਾਰ ਤੱਕ ਪਹੁੰਚਾਉਣਾ ਫਰਜ਼ ਬਣਦਾ ਸੀ। ਜੇ ਉਸ ਸਮੇਂ ਸਬੰਧਤ ਵਿਭਾਗ ਵੱਲੋਂ ਇਹਤਿਆਤ ਵਰਤਦੇ ਹੋਏ ਸਖਤੀ ਨਾਲ ਆਪਣੀ ਡਿਊਟੀ ਨਿਭਾਈ ਗਈ ਹੁੰਦੀ ਤਾਂ 100 ਵਿਅਕਤੀਆਂ ਦੀ ਜਾਨ ਕਦੇ ਨਹੀਂ ਜਾਣੀ ਸੀ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ
ਹੁਣ ਇਸ ਸਮੇਂ ਜ਼ਿਲੇ ਅੰਦਰ ਫਿਰ ਤੋਂ ਖਤਰਨਾਕ ਅਲਕੋਹਲ ਵਰਗੇ ਪਦਾਰਥ ਦੀ ਵਰਤੋਂ ਕਰਦੇ ਹੋਏ ਨਾਜਾਇਜ਼ ਸ਼ਰਾਬ ਨੂੰ ਤਿਆਰ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋਣ ਦੀ ਜਾਣਕਾਰੀ ਗੁਪਤ ਤੌਰ ਉਪਰ ਪ੍ਰਾਪਤ ਹੋ ਰਹੀ ਹੈ। ਪ੍ਰੰਤੂ ਇਸ ਬਾਬਤ ਸਬੰਧਤ ਮਹਿਕਮੇ ਵੱਲੋਂ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਰੱਖਿਆ ਗਿਆ ਹੈ। ਭਾਵੇਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਖਾਨਾ ਪੂਰਤੀ ਕਰਦੇ ਹੋਏ ਰੋਜ਼ਾਨਾ ਆਪਣੀ ਖੁਦ ਦੀ ਲੋੜ ਪੂਰੀ ਕਰਨ ਸਬੰਧੀ ਤਿਆਰ ਕੀਤੀ ਜਾਣ ਵਾਲੀ ਨਾਜਾਇਜ਼ ਲਾਲ ਪਰੀ ਸ਼ਰਾਬ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਅਸਲੀਅਤ ਵਿਚ ਵੱਡੇ ਮਗਰਮੱਛ ਅੱਜ ਵੀ ਆਪਣੇ ਕਾਰੋਬਾਰ ਵਿਚ ਬਿਨਾਂ ਕਿਸੇ ਡਰ-ਭੈਅ ਤੋਂ ਲੱਗੇ ਹੋਏ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਖ਼ਤਰਾ, ਜਾਰੀ ਹੋਏ ਹੈਲਪਲਾਈਨ ਨੰਬਰ
ਪਿੰਡਾਂ ਵਿਚ ਮਿਲਣ ਵਾਲੀ ਨਾਜਾਇਜ਼ ਦੇਸੀ ਸ਼ਰਾਬ ਨੂੰ ਕਿਹੜੇ ਹੁਕਮਾਂ ਤਹਿਤ ਵੇਚੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ, ਇਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਪਿੰਡਾਂ ਵਿਚ ਦੇਸੀ ਸ਼ਰਾਬ ਨੂੰ ਤਿਆਰ ਕਰਦੇ ਹੋਏ ਸੱਸਤੇ ਰੇਟਾਂ ਵਿਚ ਪ੍ਰਚੂਨ ਗ੍ਰਾਹਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਹੀ ਚੱਲਦਿਆਂ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਵਿਚ ਕਾਫੀ ਕਮੀ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬੰਧਤ ਐਕਸਾਈਜ਼ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਕਰਮਚਾਰੀਆਂ ਤੱਕ ਸਖਤ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸੂਬੇ ਅੰਦਰ ਨਾਜਾਇਜ਼ ਅਤੇ ਦੇਸੀ ਸ਼ਰਾਬ ਦੀ ਵਿਕਰੀ ਨਹੀਂ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵਿਅਕਤੀ ਦੀ ਕੀਮਤੀ ਜਾਨ ਨਾ ਚਲੀ ਜਾਵੇ ਪ੍ਰੰਤੂ ਅਸਲੀਅਤ ਵਿਚ ਸਥਾਨਕ ਤਰਨਤਾਰਨ ਸ਼ਹਿਰ ਨਾਲ ਲੱਗਦੇ ਕੁਝ ਪਿੰਡਾਂ ਤੋਂ ਇਲਾਵਾ, ਪਿੰਡ ਸ਼ਕਰੀ, ਖੇਮਕਰਨ, ਖਾਲੜਾ, ਝਬਾਲ, ਪੰਡੋਰੀ, ਹਰੀਕੇ ਪੱਤਣ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕੁਝ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਲਗਾਤਾਰ ਜਾਰੀ ਹੈ। ਜਿਸ ਉਪਰ ਨੱਥ ਪਾਉਣ ਵਿਚ ਅਸਫਲ ਸਾਬਤ ਹੋ ਰਹੇ ਸਬੰਧਤ ਵਿਭਾਗ ਦੇ ਕਰਮਚਾਰੀ ਕਿਸੇ ਵੱਡੇ ਹਾਦਸੇ ਦੇ ਫਿਰ ਤੋਂ ਇੰਤਜ਼ਾਰ ਵਿਚ ਨਜ਼ਰ ਆ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਿਸੇ ਕੀਮਤ ’ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਨਾਲ-ਨਾਲ ਪੁਲਸ ਨੂੰ ਵੀ ਸਖਤ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਇਸ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨਾ ਕਾਨੂੰਨੀ ਜੁਰਮ ਹੈ, ਜਿਸ ਨੂੰ ਕਿਸੇ ਕੀਮਤ ਉਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8