ਸੈਂਸੈਕਸ 'ਚ 100 ਤੋਂ ਵੱਧ ਅੰਕ ਦੀ ਗਿਰਾਵਟ, ਨਿਫਟੀ ਵੀ ਡਿੱਗਾ

06/20/2019 9:21:44 AM

ਮੁੰਬਈ— ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਤਣਾਤਣੀ ਵਧਣ ਦੇ ਖਦਸ਼ੇ ਕਾਰਨ ਵੀਰਵਾਰ ਨੂੰ ਭਾਰਤੀ ਸਟਾਕ ਬਾਜ਼ਾਰ ਗਿਰਾਵਟ 'ਚ ਸ਼ੁਰੂ ਹੋਏ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ 124.32 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ ਤੇ ਇਹ 38,988.42 'ਤੇ ਜਾ ਪੁੱਜਾ।


ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 37.55 ਅੰਕ ਦੀ ਗਿਰਾਵਟ ਨਾਲ 11653.90 'ਤੇ ਖੁੱਲ੍ਹਾ। ਡਾਟਾ ਸਟੋਰੇਜ਼ 'ਤੇ ਭਾਰਤ ਦੇ ਸਖਤ ਰੁਖ਼ ਮਗਰੋਂ ਅਮਰੀਕਾ ਨੇ ਐੱਚ-1ਬੀ ਵੀਜ਼ਾ ਦੀ ਲਿਮਟ ਨਿਰਧਾਰਤ ਕਰਨ ਦੀ ਚਿਤਾਵਨੀ ਦਿੱਤੀ ਹੈ। ਵੀਜ਼ਾ ਘਟਣ ਨਾਲ ਘਰੇਲੂ ਆਈ. ਟੀ. ਕੰਪਨੀਆਂ ਦੀ ਮੁਸ਼ਕਲ ਵਧ ਸਕਦੀ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 30 ਅੰਕ ਦੀ ਗਿਰਾਵਟ ਤੇ ਬੈਂਕ ਨਿਫਟੀ 'ਚ 75 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਉੱਥੇ ਹੀ, ਨਿਫਟੀ ਆਈ. ਟੀ. 'ਚ 1.16 ਫੀਸਦੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ। ਟੀ. ਸੀ. ਐੱਸ. ਅਤੇ ਇੰਫੋਸਿਸ ਟਾਪ ਲੂਜ਼ਰਸ 'ਚ ਕਾਰੋਬਰ ਕਰ ਰਹੇ ਹਨ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.48 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਕੱਲ ਇਹ 69.68 'ਤੇ ਬੰਦ ਹੋਇਆ ਸੀ।
 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ. ਫੈਡਰਲ ਰਿਜ਼ਰਵ ਨੇ ਇਸ ਸਾਲ ਪਾਲਿਸੀ ਦਰਾਂ 'ਚ ਇਕ ਵਾਰ ਕਟੌਤੀ ਦਾ ਸੰਕੇਤ ਦਿੱਤਾ ਹੈ, ਜਦੋਂ ਕਿ ਬੁੱਧਵਾਰ ਨੂੰ ਜਾਰੀ ਕੀਤੀ ਪਾਲਿਸੀ 'ਚ ਦਰਾਂ ਨੂੰ ਬਰਕਰਾਰ ਰਹਿਣ ਦਿੱਤਾ। ਬਾਜ਼ਾਰ ਵੀ ਇਸ ਤਰ੍ਹਾਂ ਦੀ ਹੀ ਪਾਲਿਸੀ ਜਾਰੀ ਹੋਣ ਦੀ ਉਮੀਦ ਕਰ ਰਿਹਾ ਸੀ, ਜਿਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਹਲਕੀ ਤੇਜ਼ੀ 'ਚ ਬੰਦ ਹੋਏ।
ਉੱਥੇ ਹੀ, ਅੱਜ ਏਸ਼ੀਆਈ ਬਾਜ਼ਾਰਾਂ 'ਚ ਮਜਬੂਤੀ ਦੇਖਣ ਨੂੰ ਮਿਲੀ ਹੈ। ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ 1.3 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ ਤੇ ਇਹ 2,956 'ਤੇ ਕਾਰੋਬਾਰ ਕਰਦਾ ਦਿਸਿਆ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 36 ਅੰਕ ਦੀ ਤੇਜ਼ੀ ਨਾਲ 11,750 'ਤੇ ਕਾਰੋਬਾਰ ਕਰਦਾ ਦਿਸਿਆ। ਉੱਥੇ ਹੀ, ਜਪਾਨ ਦਾ ਨਿੱਕੇਈ 142 ਅੰਕ ਦੀ ਤੇਜ਼ੀ 'ਚ 21,476 'ਤੇ ਦੇਖਣ ਨੂੰ ਮਿਲਿਆ। ਹਾਂਗਕਾਂਗ ਦੇ ਹੈਂਗ ਸੈਂਗ 'ਚ 250 ਅੰਕ ਦੀ ਬੜ੍ਹਤ ਦੇਖਣ ਨੂੰ ਮਿਲੀ। ਸਿੰਗਾਪੁਰ ਦਾ ਸਟ੍ਰੇਟਜ਼ ਟਾਈਮਜ਼ 23 ਅੰਕ ਦੀ ਤੇਜ਼ੀ 'ਚ 3,311 'ਤੇ ਕਾਰੋਬਾਰ ਕਰ ਰਿਹਾ ਸੀ।


Related News