‘ਦੀਵਾਲੀ ਤੋਂ ਪਹਿਲਾਂ ਮਹਿੰਗੇ ਟੀ. ਵੀ. ਅਤੇ ਸਮਾਰਟਫੋਨ ਦੀ ਘਾਟ’
Tuesday, Oct 26, 2021 - 11:26 AM (IST)

ਮੰਗ ਦੇ ਮੁਕਾਬਲੇ 15 ਤੋਂ 30 ਫੀਸਦੀ ਘੱਟ ਸਪਲਾਈ, ਕੰਪਨੀਆਂ ਨੂੰ ਹੋ ਸਕਦੈ ਨੁਕਸਾਨ
ਕੋਲਕਾਤਾ– ਇਲੈਕਟ੍ਰਾਨਿਕ ਚਿੱਪ ਦੀ ਕਮੀ ਦਾ ਅਸਰ ਹੁਣ ਆਟੋਮੋਬਾਇਲ ਤੋਂ ਬਾਅਦ ਇਲੈਕਟ੍ਰਾਨਿਕਸ ਦੇ ਸਾਮਾਨ ਅਤੇ ਮਹਿੰਗੇ ਸਮਾਰਟਫੋਨਜ਼ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਦੀਵਾਲੀ ਦੀ ਸ਼ਾਪਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਲੈਕਟ੍ਰਾਨਿਕਸ ਦਾ ਪ੍ਰੀਮੀਅਮ ਸਾਮਾਨ ਅਤੇ ਮੋਬਾਇਲ ਫੋਨ ਦੇ ਹੈਂਡਸੈੱਟ ਦੀ ਬਾਜ਼ਾਰ ’ਚ ਘਾਟ ਪੈਦਾ ਹੋ ਗਈ ਹੈ। ਇੰਡਸਟਰੀ ਦੇ ਜਾਣਕਾਰਾਂ ਮੁਤਾਬਕ ਐਪਲ ਦੇ ਆਈਫੋਨ 11,12,13, ਸੈਮਸੰਗ ਦੇ ਗਲੈਕਸੀ ਫੋਲਡ ਅਤੇ ਫਲਿੱਪ ਮਾਡਲ ਤੋਂ ਇਲਾਵਾ ਮਹਿੰਗਾ ਟੈਲੀਵਿਜ਼ਨ ਸੈੱਟ ਅਤੇ ਇੰਪੋਰਟ ਕੀਤੇ ਜਾਣ ਵਾਲੇ ਇਲੈਕਟ੍ਰਾਨਿਕਸ ਦੇ ਹੋਰ ਉਤਪਾਦਾਂ ਦੀ ਬਾਜ਼ਾਰ ’ਚ ਕਮੀ ਪੈਦਾ ਹੋ ਗਈ ਹੈ। ਇਨ੍ਹਾਂ ਕਈ ਤਰ੍ਹਾਂ ਦੇ ਸਾਮਾਨ ਦੀ ਮੰਗ ਦੇ ਮੁਕਾਬਲੇ ਸਪਲਾਈ 15 ਤੋਂ 30 ਫੀਸਦੀ ਘੱਟ ਹੋਣ ਕਾਰਨ ਰਿਟੇਲਰਸ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਗਾਹਕਾਂ ਨੂੰ ਵਾਪਸ ਭੇਜਣਾ ਪੈ ਰਿਹਾ ਹੈ। ਕੰਪਨੀਆਂ ਨੂੰ ਇਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ।
ਇਲੈਕਟ੍ਰਾਨਿਕ ਦੇ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਸਪਲਾਈ ਨੂੰ ਲੈ ਕੇ ਫਿਲਹਾਲ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਅਤੇ ਸਪਲਾਈ ’ਚ ਅਸਥਿਰਤਾ ਕਾਇਮ ਹੈ। ਅਜਿਹਾ ਉਨ੍ਹਾਂ ਉਤਪਾਦਾਂ ’ਚ ਹੋ ਰਿਹਾ ਹੈ, ਜਿਨ੍ਹਾਂ ’ਚ ਚਿੱਪ ਦਾ ਇਸਤੇਮਾਲ ਹੁੰਦਾ ਹੈ ਅਤੇ ਚਿੱਪ ਦੀ ਕਮੀ ਕਾਰਨ ਇਲੈਕਟ੍ਰਾਨਿਕਸ ਦੇ ਉਤਪਾਦ ਦੀ ਸਪਲਾਈ ’ਤੇ ਇਸ ਦਾ ਵੱਡਾ ਅਸਰ ਪਿਆ ਹੈ। ਦਰਅਸਲ ਨਰਾਤਿਆਂ ਦੌਰਾਨ ਫਲਿੱਪਕਾਰਟ ਅਤੇ ਐਮਾਜ਼ੋਨ ਵਰਗੇ ਆਨਲਾਈਨ ਪਲੇਟਫਾਰਮਜ਼ ਵਲੋਂ ਲਗਾਈ ਗਈ ਸੇਲ ਦਾ ਰਿਟੇਲ ਕੰਜਿਊਮਰ ਨੇ ਖੂਬ ਫਾਇਦਾ ਉਠਾਇਆ ਹੈ ਅਤੇ ਖੂਬ ਖਰੀਦਦਾਰੀ ਕੀਤੀ ਹੈ, ਜਿਸ ਕਾਰਨ ਦੀਵਾਲੀ ਦੀ ਸ਼ਾਪਿੰਗ ਲਈ ਹੁਣ ਸਾਮਾਨ ਦੀ ਕਮੀ ਪੈਦਾ ਹੋ ਗਈ ਹੈ।
-ਅਭਿਜੀਤ ਮਿਤਰਾ, ਮੈਨੇਜਿੰਗ ਡਾਇਰੈਕਟਰ ਕੋਰੋਮਾ
ਕਿੱਥੇ ਕਿੰਨੀ ਕਮੀ
- ਐੱਲ. ਜੀ. ਦੇ 75000 ਤੋਂ ਲੈ ਕੇ 1 ਲੱਖ ਤੱਕ ਦੇ ਉੱਚ ਕੁਆਲਿਟੀ ਦੇ ਉਤਪਾਦਾਂ ’ਚ ਸਪਲਾਈ ਦੀ ਕਮੀ ਹੈ।
- ਆਈਫੋਨ ਦੇ 12 ਅਤੇ 13 ਮਾਡਲ ਸਟਾਕ ’ਚ ਨਹੀਂ ਹਨ ਅਤੇ ਡਲਿਵਰੀ ’ਚ 3 ਤੋਂ 4 ਹਫਤੇ ਦਾ ਸਮਾਂ ਮੰਗਿਆ ਜਾ ਰਿਹਾ ਹੈ।
- ਸਮਾਰਟਫੋਨ ਨਿਰਮਤਾ ਕੰਪਨੀ ਸ਼ਿਓਮੀ ਨੂੰ ਅਗਲੇ 7 ਤੋਂ 10 ਦਿਨ ’ਚ ਸਪਲਾਈ ਨਾਰਮਲ ਹੋਣ ਦੀ ਉਮੀਦ ਹੈ।
- ਸੈਮਸੰਗ ਨੇ ਆਪਣੇ ਹੈੱਡਕੁਆਰਟਰ ਨੂੰ ਤੁਰੰਤ ਫੋਨ ਦਾ ਉਤਪਾਦਨ ਵਧਾਉਣ ਲਈ ਮੇਲ ’ਤੇ ਲਿਖਿਆ ਹੈ।
- ਕੰਪਨੀਆਂ ਨੂੰ 15 ਤੋਂ ਲੈ ਕੇ 30 ਫੀਸਦੀ ਤੱਕ ਦੀ ਸੇਲ ਦਾ ਨੁਕਸਾਨ ਹੋ ਸਕਦਾ ਹੈ।
ਕਿਉਂ ਪੈਦਾ ਹੋਈ ਕਮੀ
ਦਰਅਸਲ ਫਲਿੱਪਕਾਰਟ ਅਤੇ ਐਮਾਜ਼ੋਨ ਵਰਗੇ ਵੱਡੇ ਆਨਲਾਈਨ ਰਿਟੇਲਰਜ਼ ਨੂੰ ਫੈਸਟੀਵਲ ਸੀਜ਼ਨ ਦੌਰਾਨ ਮੰਗ ’ਚ ਭਾਰੀ ਤੇਜ਼ੀ ਦਾ ਪਹਿਲਾਂ ਤੋਂ ਅਨੁਮਾਨ ਸੀ, ਲਿਹਾਜਾ ਇਨ੍ਹਾਂ ਵੱਡੇ ਰਿਟੇਲਰਜ਼ ਨੇ ਪਹਿਲਾਂ ਤੋਂ ਹੀ ਵੱਡੀ ਮਾਤਰਾ ’ਚ ਇਲੈਕਟ੍ਰਾਨਿਕਸ ਦਾ ਸਾਮਾਨ ਕੰਪਨੀਆਂ ਤੋਂ ਖਰੀਦ ਕੇ ਜਮ੍ਹਾ ਕਰ ਲਿਆ ਸੀ। ਲਿਹਾਜਾ ਇਨ੍ਹਾਂ ਆਨਲਾਈਨ ਪਲੇਟਫਾਰਮਜ਼ ਕੋਲ ਜ਼ਿਆਦਾ ਦਿੱਕਤ ਨਹੀਂ ਹੈ ਪਰ ਆਮ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਐਪਲ ਦੇ ਡੀਲਰ ਪ੍ਰੇਸ਼ਾਨ
ਇਸ ਫੈਸਟੀਵਲ ਸੀਜ਼ਨ ਦੌਰਾਨ ਜਾਰੀ ਭਾਰੀ ਮੰਗ ਦਰਮਿਆਨ ਸਭ ਤੋਂ ਵੱਧ ਪ੍ਰੇਸ਼ਾਨੀ ਆਈਫੋਨ ਦੇ ਗਾਹਕਾਂ ਅਤੇ ਡੀਲਰਾਂ ਨੂੰ ਹੋ ਹਰਹੀ ਹੈ। ਆਈਫੋਨ ਦੇ ਨਿਰਮਾਤਾਵਾਂ ਵਲੋਂ ਪਿਛਲੇ ਕੁਆਰਟਰ ਦੌਰਾਨ ਭਾਰਤ ’ਚ 20 ਲੱਖ ਫੋਨ ਭੇਜੇ ਗਏ ਹਨ ਪਰ ਇਸ ਦੇ ਬਾਵਜੂਦ ਇਸ ਦੀ ਭਾਰੀ ਮੰਗ ਹੈ ਅਤੇ ਇਸ ਦੇ ਦੋ ਸਾਲ ਪੁਰਾਣੇ ਆਈਫੋਨ 11 ਲਈ ਵੀ 3 ਤੋਂ 4 ਹਫਤੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਫਲਿੱਪਕਾਰਟ ’ਤੇ ਆਈਫੋਨ 12 ਦਾ ਮਾਡਲ ਮੁਹੱਈਆ ਨਹੀਂ ਹੈ ਜਦ ਕਿ ਕੁੱਝ ਆਨਲਾਈਨ ਪਲੇਟਫਾਰਮ ’ਤੇ ਆਈਫੋਨ 12 ਅਤੇ 13 ਲਈ ਇਕ ਹਫਤੇ ਤੱਕ ਦਾ ਸਮਾਂ ਮੰਗਿਆ ਜਾ ਰਿਹਾ ਹੈ।