SBI ਨੂੰ ਬਜਾਜ ਫਾਇਨਾਂਸ ਨੇ ਪਛਾੜਿਆ, ਟਾਪ 10 ਕੰਪਨੀਆਂ ''ਚੋਂ ਗੁਆਇਆ ਆਪਣਾ ਸਥਾਨ

02/18/2020 10:30:00 AM

ਨਵੀਂ ਦਿੱਲੀ — ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸ਼ੇਅਰਾਂ ’ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ। ਐੱਸ. ਬੀ. ਆਈ. ਦੇ ਸ਼ੇਅਰਾਂ ’ਚ ਬੀਤੇ ਡੇਢ ਮਹੀਨਿਆਂ ’ਚ 7 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ। ਅੱਜ ਇਕ ਵਾਰ ਫਿਰ ਤੋਂ ਐੱਸ. ਬੀ. ਆਈ. ਦੇ ਸ਼ੇਅਰਾਂ ’ਚ ਵਿਕਰੀ ਦਾ ਦੌਰ ਦਿਸਿਆ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੂੰ ਪਛਾੜ ਕੇ ਹੁਣ ਉਸ ਦੀ ਜਗ੍ਹਾ ਨਾਨ ਬੈਂਕਿੰਗ ਫਾਇਨਾਂਸ ਕੰਪਨੀ (ਐੱਨ. ਬੀ. ਐੱਫ. ਸੀ.) ਬਜਾਜ ਫਾਇਨਾਂਸ ਨੇ ਲੈ ਲਈ ਹੈ। ਅੱਜ ਬਜਾਜ ਫਾਇਨਾਂਸ ਨੇ ਸ਼ੇਅਰ ਮਾਰਕੀਟ ’ਚ ਜ਼ੋਰਦਾਰ ਵਾਧਾ ਹਾਸਲ ਕੀਤਾ, ਜਿਸ ਕਾਰਣ ਉਸ ਦਾ ਬਾਜ਼ਾਰ ਪੂੰਜੀਕਰਨ 2,87,802.92 ਕਰੋਡ਼ ਦੇ ਪੱਧਰ ’ਤੇ ਪਹੁੰਚ ਗਿਆ। ਉਥੇ ਹੀ ਐੱਸ. ਬੀ. ਆਈ. 2,85,185.96 ਕਰੋਡ਼ ਦੇ ਪੱਧਰ ’ਤੇ ਹੈ।

ਵਧ ਸਕਦੈ ਬੈਂਕ ਦਾ ਐੱਨ. ਪੀ. ਏ.

ਟੈਲੀਕਾਮ ਇੰਡਸਟਰੀ ਦੀ ਖਸਤਾ ਹਾਲਤ ਕਾਰਣ ਹੁਣ ਬੈਂਕ ਦਾ ਐੱਨ. ਪੀ. ਏ. ਵਧ ਸਕਦਾ ਹੈ। ਦੂਜੇ ਪਾਸੇ ਐੱਸ. ਬੀ. ਆਈ. ਨੂੰ ਪਛਾੜ ਕੇ ਬੀ. ਐੱਸ. ਈ. ਸੈਂਸੈਕਸ ’ਚ 10ਵੇਂ ਨੰਬਰ ਦੀ ਕੰਪਨੀ ਬਣੀ ਬਜਾਜ ਫਾਇਨਾਂਸ ਦੇ ਸ਼ੇਅਰਾਂ ’ਚ ਲੰਮੇ ਸਮੇਂ ਤੋਂ ਲਗਾਤਾਰ ਉਛਾਲ ਦਾ ਦੌਰ ਬਣਿਆ ਹੋਇਆ ਹੈ। ਸਾਲ 2019 ’ਚ ਬਜਾਜ ਫਾਇਨਾਂਸ ਦੇ ਸ਼ੇਅਰਾਂ ’ਚ 60 ਫ਼ੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲਿਆ ਸੀ। ਇਕੱਲੀ ਦਸੰਬਰ ਤਿਮਾਹੀ ’ਚ ਹੀ ਕੰਪਨੀ ਦੇ ਲਾਭ ’ਚ 52 ਫ਼ੀਸਦੀ ਦਾ ਉਛਾਲ ਆਇਆ। ਧਿਆਨਯੋਗ ਹੈ ਕਿ ਭਾਰਤੀ ਸਟੇਟ ਬੈਂਕ ਦੀ ਸਹਾਇਕ ਕੰਪਨੀ ਐੱਸ. ਬੀ. ਆਈ. ਕਾਰਡਸ ਦਾ ਵੀ ਛੇਤੀ ਹੀ ਆਈ. ਪੀ. ਓ. ਆਉਣ ਵਾਲਾ ਹੈ। ਭਾਰਤੀ ਸਟੇਟ ਬੈਂਕ ਦਾ ਟੈਲੀਕਾਮ ਕੰਪਨੀਆਂ ’ਤੇ 29,000 ਕਰੋਡ਼ ਰੁਪਏ ਦਾ ਕਰਜ਼ਾ ਬਕਾਇਆ ਹੈ।


Related News