ਸੈਮਸੰਗ ਦੇ ਟੀ. ਵੀ. ਹੋਏ ਸਸਤੇ, ਕੰਪਨੀ ਨੇ 20 ਫੀਸਦੀ ਤਕ ਘਟਾਏ ਰੇਟ
Wednesday, Jun 13, 2018 - 03:28 PM (IST)

ਨਵੀਂ ਦਿੱਲੀ— ਸੈਮਸੰਗ ਨੇ ਆਪਣੇ ਟੈਲੀਵਿਜ਼ਨ (ਟੀ. ਵੀ.) ਦੀਆਂ ਕੀਮਤਾਂ ਨੂੰ 20 ਫੀਸਦੀ ਤਕ ਘਟਾ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸੈਮਸੰਗ ਨੇ ਕੀਮਤਾਂ 'ਚ ਇੰਨੀ ਵੱਡੀ ਕਟੌਤੀ ਕੀਤੀ ਹੈ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਕਟੌਤੀ ਵੱਡੀ ਸਕ੍ਰੀਨ ਦੇ ਸ਼ੁਰੂਆਤੀ ਮਾਡਲਾਂ 'ਚ ਕੀਤੀ ਗਈ ਹੈ। ਸੈਮਸੰਗ ਦੇ ਇਸ ਕਦਮ ਦਾ ਮਕਸਦ ਟੈਲੀਵਿਜ਼ਨ ਬਾਜ਼ਾਰ 'ਚ ਚੀਨ ਦੀ ਕੰਪਨੀ ਸ਼ਿਓਮੀ ਦੀ ਪਹੁੰਚ ਵਧਣ ਨੂੰ ਰੋਕਣਾ ਹੈ। ਸ਼ਿਓਮੀ ਇਸ ਤੋਂ ਪਹਿਲਾਂ ਸਮਾਰਟ ਫੋਨ ਬਾਜ਼ਾਰ 'ਚ ਸੈਮਸੰਗ ਨੂੰ ਪਿੱਛੇ ਛੱਡ ਚੁੱਕਾ ਹੈ।
ਟੀ. ਵੀ. ਦੀਆਂ ਕੀਮਤਾਂ 'ਚ ਕਟੌਤੀ ਕਰਨ ਨਾਲ ਸੈਮਸੰਗ ਨੂੰ ਨਾ ਸਿਰਫ ਬਾਜ਼ਾਰ ਹਿੱਸੇਦਾਰੀ ਬਣਾਈ ਰੱਖਣ 'ਚ ਮਦਦ ਮਿਲੇਗੀ ਸਗੋਂ ਇਸ ਨਾਲ ਨਵੇਂ ਗਾਹਕਾਂ ਵੀ ਆਕਰਸ਼ਤ ਹੋਣਗੇ। ਇਕ ਰਿਟੇਲਰ ਮੁਤਾਬਕ, ਨਵੇਂ ਮਾਡਲ ਆਉਣ 'ਤੇ ਕੰਪਨੀਆਂ ਆਮ ਤੌਰ 'ਤੇ ਪੁਰਾਣੇ ਮਾਡਲਾਂ ਦੀਆਂ ਕੀਮਤਾਂ 'ਚ 5 ਫੀਸਦੀ ਤਕ ਦੀ ਕਟੌਤੀ ਕਰਦੀਆਂ ਹਨ ਪਰ ਸੈਮਸੰਗ ਨੇ ਕੀਮਤਾਂ 'ਚ 10-20 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨੇ ਪ੍ਰਾਈਸਿੰਗ ਰਣਨੀਤੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਸੈਮਸੰਗ ਨਵੇਂ ਮਾਡਲ ਵੀ ਘੱਟ ਕੀਮਤ 'ਤੇ ਬਾਜ਼ਾਰ 'ਚ ਉਤਾਰ ਰਿਹਾ ਹੈ।
ਹੁਣ ਤਕ 22,000 ਕਰੋੜ ਦੇ ਟੀ. ਵੀ. ਬਾਜ਼ਾਰ 'ਚ ਸੈਮਸੰਗ, ਸੋਨੀ ਅਤੇ ਐੱਲ. ਜੀ. ਵਿਚਕਾਰ ਹੀ ਮੁਕਾਬਲਾ ਸੀ ਪਰ ਸ਼ਿਓਮੀ, ਟੀ. ਸੀ. ਐੱਲ., ਥਾਮਸਨ, ਸ਼ਾਰਪ, ਬੀ. ਪੀ. ਐੱਲ. ਅਤੇ ਸਕਾਈਵਰਥ ਨੇ ਸਸਤੇ ਕੀਮਤ 'ਤੇ ਟੀ. ਵੀ. ਉਤਾਰ ਕੇ ਇਸ ਬਾਜ਼ਾਰ ਦੀ ਰਣਨੀਤੀ ਬਦਲ ਦਿੱਤੀ ਹੈ। ਸ਼ਿਓਮੀ ਨੇ ਫਰਵਰੀ 'ਚ 43 ਇੰਚ ਦੇ ਮਾਡਲ ਨੂੰ 22,999 ਰੁਪਏ ਅਤੇ 55 ਇੰਚ ਦੇ ਮਾਡਲ ਨੂੰ 44,999 ਰੁਪਏ 'ਚ ਲਾਂਚ ਕਰਕੇ ਪੁਰਾਣੀ ਇੰਡਸਟਰੀ ਨੂੰ ਕੀਮਤਾਂ ਘਟਾਉਣ 'ਤੇ ਮਜ਼ਬੂਰ ਕਰ ਦਿੱਤਾ ਹੈ। ਇਸ ਦੇ ਮੱਦੇਨਜ਼ਰ ਸੈਮਸੰਗ ਨੇ 55 ਇੰਚ ਦੇ ਮਾਡਲ ਦੀ ਕੀਮਤ ਨੂੰ 1 ਲੱਖ ਤੋਂ ਘਟਾ ਕੇ 70,000 ਅਤੇ 43 ਇੰਚ ਮਾਡਲ ਦੀ ਕੀਮਤ ਨੂੰ 39,900 ਰੁਪਏ ਤੋਂ ਘਟਾ ਕੇ 33,500 ਰੁਪਏ ਕੀਤਾ ਹੈ। ਜ਼ਿਕਰਯੋਗ ਹੈ ਕਿ ਟੈਲੀਵਿਜ਼ਨ ਬਾਜ਼ਾਰ 'ਚ ਸੈਮਸੰਗ ਦੀ 30 ਫੀਸਦੀ ਹਿੱਸੇਦਾਰੀ ਹੈ। ਇਸ ਦੇ ਬਾਅਦ ਐੱਲ. ਜੀ. ਅਤੇ ਸੋਨੀ ਦਾ ਨੰਬਰ ਹੈ। ਇਸ ਸਾਲ ਜਨਵਰੀ 'ਚ ਸੈਮਸੰਗ ਕੋਲ 39 ਫੀਸਦੀ ਬਾਜ਼ਾਰ ਹਿੱਸੇਦਾਰੀ ਸੀ, ਜੋ ਅਪ੍ਰੈਲ 'ਚ ਘੱਟ ਕੇ 33 ਫੀਸਦੀ ਹੋ ਗਈ ਸੀ।