ਰੂਸ-ਯੂਕ੍ਰੇਨ ਸੰਕਟ ਅਤੇ ਮਹਿੰਗਾਈ ਨੇ 34 ਫੀਸਦੀ ਵਧਾਈ ਸੋਨੇ ਦੀ ਮੰਗ, ਨਿਵੇਸ਼ਕਾਂ ਨੇ ਖਰੀਦਿਆ 3 ਸਾਲਾਂ ਦਾ ਸਭ ਤੋਂ ਵੱਧ

04/29/2022 11:15:52 AM

ਮੁੰਬਈ (ਭਾਸ਼ਾ) – ਰੂਸ-ਯੂਕ੍ਰੇਨ ਦਰਮਿਆਨ ਜਾਰੀ ਜੰਗ ’ਚ ਸੋਨਾ ਤਪ ਰਿਹਾ ਹੈ। ਦੁਨੀਆ ਭਰ ਦੇ ਨਿਵੇਸ਼ਕ ਜੰਗ ਕਾਰਨ ਪੈਦਾ ਹੋਏ ਸੰਕਟ ਅਤੇ ਮਹਿੰਗਾਈ ਦੇ ਦਬਾਅ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਸੇਫ ਹੈਵਨ ਵਜੋਂ ਸਿਰਫ ਸੋਨਾ ਹੀ ਦਿਖਾਈ ਦੇ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਸਾਲ 2022 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ਵਿਚ ਕੌਮਾਂਤਰੀ ਪੱਧਰ ’ਤੇ ਸੋਨੇ ਦੀ ਮੰਗ 34 ਫੀਸਦੀ ਵਧ ਗਈ ਹੈ।

ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ਅੱਜ ਜਾਰੀ ਇਕ ਰਿਪੋਰਟ ’ਚ ਦੱਸਿਆ ਕਿ ਸਾਲਾਨਾ ਆਧਾਰ ’ਤੇ ਪਹਿਲੀ ਤਿਮਾਹੀ ’ਚ ਸੋਨੇ ਦੀ ਖਪਤ 34 ਫੀਸਦੀ ਵਧੀ ਹੈ। ਇਹ 2018 ਦੀ ਆਖਰੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਧ ਰਹੀ। ਇਸ ਦਾ ਪ੍ਰਮੁੱਖ ਕਾਰਨ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਤੋਂ ਪੈਦਾ ਹੋਏ ਸੰਕਟ ਅਤੇ ਵਧਦੀ ਮਹਿੰਗਾਈ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁੱਝ ਸਮੇਂ ’ਚ ਸੋਨੇ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਵੀ ਨਜ਼ਰ ਆਇਆ ਹੈ।

ਇਹ ਵੀ ਪੜ੍ਹੋ : Elon Musk ਨੇ ਮੋਟੀ ਕੀਮਤ ਦੇ ਕੇ ਖ਼ਰੀਦੀ Twitter, ਜਾਣੋ ਡੀਲ 'ਚ ਕਿੰਨੀ ਜਾਇਦਾਦ ਕੀਤੀ ਖ਼ਰਚ

ਨਿਵੇਸ਼ਕ ਸੋਨੇ ਨੂੰ ਸੇਫ ਹੈਵਨ ਵਜੋਂ ਦੇਖ ਜ਼ਰੂਰ ਰਹੇ ਹਨ ਪਰ ਇਸ ਵਾਰ ਫਿਜ਼ੀਕਲ ਸੋਨਾ ਖਰੀਦਣ ਦੀ ਥਾਂ ਗੋਲਡ ਆਧਾਰਿਤ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) ’ਤੇ ਜ਼ਿਆਦਾ ਭਰੋਸਾ ਪ੍ਰਗਟਾ ਰਹੇ ਹਨ। ਈ. ਟੀ. ਐੱਫ. ਦੀ ਮੰਗ ਵਧਣ ਕਾਰਨ ਹੀ ਪਹਿਲੀ ਤਿਮਾਹੀ ’ਚ 1,234 ਟਨ ਸੋਨੇ ਦੀ ਮੰਗ ਰਹੀ। ਇਹ ਸਾਲ 2018 ਦੀ ਆਖਰੀ ਤਿਮਾਹੀ ’ਚ ਹੋਈ ਖਰੀਦ ਤੋਂ ਬਾਅਦ ਸਭ ਤੋਂ ਵੱਧ ਹੈ। ਇੰਨਾ ਹੀ ਨਹੀਂ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਹੋਈ ਸੋਨੇ ਦੀ ਖਰੀਦ ਪਿਛਲੇ 5 ਸਾਲ ਦੀ ਔਸਤ ਖਰੀਦ ਤੋਂ ਵੀ ਜ਼ਿਆਦਾ ਰਹੀ। ਪਿਛਲੇ ਪੰਜ ਸਾਲ ’ਚ ਪਹਿਲੀ ਤਿਮਾਹੀ ਤੋਂ ਬਾਅਦ ਸਭ ਤੋਂ ਵੱਧ ਨਿਵੇਸ਼ ਕੀਤਾ ਗਿਆ ਹੈ।

ਸਿੱਕਿਆਂ ਅਤੇ ਬਾਰ ਦੀ ਖਰੀਦ ਘਟੀ

ਡਬਲਯੂ. ਜੀ. ਸੀ. ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਛੋਟੇ ਬਾਰੇ ਅਤੇ ਸਿੱਕਿਆਂ ਤੋਂ ਨਿਵੇਸ਼ਕਾਂ ਦਾ ਮੋਹ ਭੰਗ ਨਜ਼ਰ ਆਇਆ। ਇਨ੍ਹਾਂ ਦੋਹਾਂ ਦੀ ਖਰੀਦ ’ਚ 20 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ। ਇਸ ਕਾਰਨ ਚੀਨ ’ਚ ਮੁੜ ਕੋਵਿਡ-19 ਇਨਫੈਕਸ਼ਨ ਵਧਣ ਕਾਰਨ ਲਾਕਡਾਊਨ ਦਾ ਲੱਗਣਾ ਅਤੇ ਟਰਕੀ ’ਚ ਰਿਕਾਰਡ ਪੱਧਰ ’ਤੇ ਕੀਮਤ ਦਾ ਪਹੁੰਚਣਾ ਰਿਹਾ ਹੈ। ਇਸ ਤੋਂ ਇਲਾਵਾ ਸੋਨੇ ਦੇ ਗਹਿਣਿਆਂ ਦੀ ਮੰਗ ’ਚ ਵੀ ਕਮੀ ਆਈ ਹੈ। ਜਨਵਰੀ-ਮਾਰਚ ਦੌਰਾਨ ਇਹ 7 ਫੀਸਦੀ ਘਟ ਗਈ ਹੈ। ਸਭ ਤੋਂ ਵੱਧ ਗਿਰਾਵਟ ਚੀਨ ਅਤੇ ਭਾਰਤ ਦੇ ਬਾਜ਼ਾਰ ’ਚ ਆਈ ਹੈ। ਹਾਲਾਂਕਿ ਇਸੇ ਮਿਆਦ ’ਚ ਭਾਰਤੀ ਰਿਜ਼ਰਵ ਬੈਂਕ ਨੇ ਸੋਨੇ ਦੀ ਖਰੀਦ ਘਟਾ ਦਿੱਤੀ। ਆਰ. ਬੀ. ਆਈ. ਨੇ ਪਹਿਲੀ ਤਿਮਾਹੀ ’ਚ ਸਿਰਫ 84 ਟਨ ਸੋਨਾ ਖਰੀਦਿਆ ਜੋ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਤੋਂ 29 ਫੀਸਦੀ ਘੱਟ ਹੈ, ਪਰ 2021 ਦੀ ਆਖਰੀ ਤਿਮਾਹੀ ਦੇ ਮੁਕਾਬਲੇ ਦੁੱਗਣਾ ਹੈ।

ਇਹ ਵੀ ਪੜ੍ਹੋ : ਖਾਣ ਵਾਲਾ ਤੇਲ ਹੀ ਨਹੀਂ, ਪਾਮ ਆਇਲ ਕਾਰਨ ਸ਼ੈਪੂ ਤੋਂ ਲੈ ਕੇ ਚਾਕਲੇਟ ਤੱਕ ਸਭ ਹੋ ਜਾਣਗੇ ਮਹਿੰਗੇ

ਗਾਹਕ ਨਹੀਂ ਪਰ ਨਿਵੇਸ਼ਕ ਲਗਾਉਣਗੇ ਜ਼ੋਰਦਾਰ ਸੱਟਾ

ਵਿਸ਼ਵ ਗੋਲਡ ਪਰਿਸ਼ਦ ਨੇ ਕਿਹਾ ਕਿ ਸੋਨੇ ਨੂੰ ਲੈ ਕੇ ਅਨਿਸ਼ਚਿਤਤਾ ਦਾ ਮਾਹੌਲ ਉਦੋਂ ਤੱਕ ਬਰਕਰਾਰ ਰਹੇਗਾ ਜਦੋਂ ਤੱਕ ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਦਾ ਕੋਈ ਹੱਲ ਨਹੀਂ ਨਿਕਲ ਆਉਂਦਾ। ਹਾਲਾਂਕਿ ਇਸ ਦੇ ਬਾਵਜੂਦ 2022 ’ਚ ਸੋਨੇ ’ਚ ਨਿਵੇਸ਼ ਜਾਰੀ ਰਹੇਗਾ ਪਰ ਮਹਿੰਗਾਈ ਅਤੇ ਵਧੇਰੇ ਕੀਮਤ ਕਾਰਨ ਗਹਿਣਿਆਂ ਦੀ ਖਰੀਦ ਕਰਨ ਵਾਲੇ ਗਾਹਕ ਆਪਣੇ ਹੱਥ ਪਿੱਛੇ ਖਿੱਚ ਸਕਦੇ ਹਨ।

ਭਾਰਤ ’ਚ ਸੋਨੇ ਦੀ ਮੰਗ 18 ਫੀਸਦੀ ਘਟ ਕੇ 135.5 ਟਨ ਰਹੀ

ਡਬਲਯੂ. ਜੀ. ਸੀ. ਮੁਤਾਬਕ ਸਾਲ 2022 ਦੀ ਪਹਿਲੀ ਤਿਮਾਹੀ ’ਚ ਭਾਰਤ ’ਚ ਸੋਨੇ ਦੀ ਮੰਗ 18 ਫੀਸਦੀ ਘਟ ਕੇ 135.5 ਟਨ ਰਹਿ ਗਈ। ਡਬਲਯੂ. ਜੀ. ਸੀ. ਨੇ ਕਿਹਾ ਕਿ ਮੁੱਖ ਤੌਰ ’ਤੇ ਕੀਮਤਾਂ ’ਚ ਤੇਜ਼ ਵਾਧੇ ਕਾਰਨ ਮੰਗ ਘਟੀ। ਸਾਲ 2021 ਦੇ ਪਹਿਲੇ ਤਿੰਨ ਮਹੀਨਿਆਂ ’ਚ ਸੋਨੇ ਦੀ ਮੰਗ 165.8 ਟਨ ਸੀ। ਸੋਨੇ ਦੀ ਮੰਗ ’ਤੇ ਡਬਲਯੂ. ਜੀ.ਸੀ. ਵਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਕੀਮਤ ਦੇ ਲਿਹਾਜ ਨਾਲ ਜਨਵਰੀ-ਮਾਰਚ ’ਚ ਸੋਨੇ ਦੀ ਮੰਗ 12 ਫੀਸਦੀ ਘਟ ਕੇ 61,550 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 69,720 ਕਰੋੜ ਰੁਪਏ ਸੀ। ਡਬਲਯੂ. ਜੀ. ਸੀ. ਦੇ ਖੇਤਰੀ ਸੀ. ਈ. ਓ. (ਭਾਰਤ) ਸੋਮਸੁੰਦਰਮ ਪੀ. ਆਰ. ਨੇ ਦੱਸਿਆ ਕਿ ਜਨਵਰੀ ’ਚ ਸੋਨੇ ਦੀਆਂ ਕੀਮਤਾਂ ਵਧਣ ਲੱਗੀਆਂ ਅਤੇ ਕੀਮਤੀ ਧਾਤੂ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਅੱਠ ਫੀਸਦੀ ਵਧ ਕੇ 45,434 ਰੁਪਏ ਪ੍ਰਤੀ 10 ਗ੍ਰਾਮ (ਟੈਕਸਾਂ ਤੋਂ ਬਿਨਾਂ) ਦੇ ਪੱਧਰ ’ਤੇ ਪਹੁੰਚ ਗਈ। ਰਿਪੋਰਟ ਮੁਤਾਬਕ ਸਮੀਖਿਆ ਅਧੀਨ ਤਿਮਾਹੀ ਦੌਰਾਨ ਦੇਸ਼ ’ਚ ਗਹਿਣਿਆਂ ਦੀ ਕੁੱਲ ਮੰਗ 26 ਫੀਸਦੀ ਡਿਗ ਕੇ 94.2 ਟਨ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 126.5 ਟਨ ਸੀ। ਇਸ ਦੌਰਾਨ ਮੁੱਲ ਦੇ ਲਿਹਾਜ ਨਾਲ ਗਹਿਣਿਆਂ ਦੀ ਮੰਗ ’ਚ 20 ਫੀਸਦੀ ਦੀ ਕਮੀ ਹੋਈ।

ਇਹ ਵੀ ਪੜ੍ਹੋ : ਅਰਥਸ਼ਾਸਤਰੀ ਕ੍ਰਿਸ ਜਾਨਸ ਦੀ ਚਿਤਾਵਨੀ, ਅਗਲੇ 5 ਮਹੀਨਿਆਂ ’ਚ ਦੁੱਗਣੀਆਂ ਹੋ ਸਕਦੀਆਂ ਹਨ ਈਂਧਨ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News