ਬਾਜ਼ਾਰ 'ਚੋਂ ਬਾਹਰ ਹੋ ਸਕਦੇ ਨੇ 2000 ਦੇ ਨੋਟ? ATM 'ਚ ਨਾ ਪਾਉਣ ਦੇ ਨਿਰਦੇਸ਼!

02/09/2020 8:41:21 AM

ਨਵੀਂ ਦਿੱਲੀ— ਕੀ ਸਰਕਾਰ ਹੌਲੀ-ਹੌਲੀ 2000 ਰੁਪਏ ਦੇ ਨੋਟ ਨੂੰ ਸਿਸਟਮ ਤੋਂ ਬਾਹਰ ਕਰਨਾ ਚਾਹੁੰਦੀ ਹੈ? ਇਕ ਰਿਪੋਰਟ, ਮੁਤਾਬਕ ਇਕ ਸਰਕਾਰੀ ਬੈਂਕ ਨੇ ਆਪਣੇ ਕਰਮਚਾਰੀਆਂ ਨੂੰ ਲਿਖਤੀ 'ਚ ਨਿਰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਉਹ 2000 ਰੁਪਏ ਦੇ ਨੋਟ ਗਾਹਕਾਂ ਨੂੰ ਨਾ ਦੇਣ। ਇਸ ਤੋਂ ਇਲਾਵਾ ਏ. ਟੀ. ਐੱਮ. 'ਚ ਵੀ ਇਨ੍ਹਾਂ ਨੂੰ ਨਾ ਪਾਇਆ ਜਾਵੇ। ਬੈਂਕ ਅਧਿਕਾਰੀਆਂ ਨੂੰ ਏ. ਟੀ. ਐੱਮ. 'ਚ 500 ਤੋਂ ਇਲਾਵਾ 200 ਤੇ 100 ਰੁਪਏ ਦੇ ਨੋਟ ਪਾਏ ਜਾਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।

 

ਇਕ ਅੰਗਰੇਜ਼ੀ ਦੀ ਵੈੱਬਸਾਈਟ ਦੀ ਰਿਪੋਰਟ 'ਚ ਬੈਂਕ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਰਿਪੋਰਟ ਮੁਤਾਬਕ ਈ-ਮੇਲ ਜ਼ਰੀਏ ਬੈਂਕ ਕਰਮਚਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਨਿਕਾਸੀ ਲਈ ਆਉਣ ਵਾਲੇ ਗਾਹਕਾਂ ਨੂੰ 2000 ਦੀ ਬਜਾਏ ਦੂਜੇ ਨੋਟ ਦੇਣ। ਇਸ ਤੋਂ ਇਲਾਵਾ ਏ. ਟੀ. ਐੱਮ. 'ਚ ਵੀ ਇਨ੍ਹਾਂ ਨੂੰ ਨਾ ਭਰਿਆ ਜਾਵੇ।

ਹਾਲਾਂਕਿ, ਗਾਹਕਾਂ ਲਈ ਚਿੰਤਾ ਦੀ ਗੱਲ ਨਹੀਂ ਹੈ। ਤੁਸੀਂ ਬੈਂਕ 'ਚ 2,000 ਦੇ ਨੋਟ ਨੂੰ ਜਦੋਂ ਚਾਹੋ ਜਮ੍ਹਾ ਕਰਾ ਸਕਦੇ ਹੈ ਤੇ ਸਰਕਾਰ ਨੇ ਬੰਦ ਕਰਨ ਦਾ ਕੋਈ ਹੁਕਮ ਨਹੀਂ ਦਿੱਤਾ ਹੈ। ਰਿਪੋਰਟ ਮੁਤਾਬਕ, ਬੈਂਕ ਵੱਲੋਂ ਭੇਜੇ ਗਏ ਈ-ਮੇਲ 'ਚ ਇਹ ਵੀ ਕਿਹਾ ਗਿਆ ਹੈ ਕਿ ਜਲਦ ਹੀ ਇਸ ਸੰਬੰਧ 'ਚ ਰਸਮੀ ਨਿਰਦੇਸ਼ ਜਾਰੀ ਕੀਤਾ ਜਾਵੇਗਾ। ਰਿਪੋਰਟ 'ਚ ਸੂਤਰ ਦਾ ਨਾਂ ਉਜਾਗਰ ਨਾ ਕਰਦਿਆਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਿਰਦੇਸ਼ਾਂ ਤੋਂ ਬਾਅਦ ਸਾਰੇ ਮੈਨੇਜਰਾਂ ਨੂੰ ਇਹ ਕਿਹਾ ਗਿਆ ਕਿ ਅਗਲੀ ਸਵੇਰ ਤੋਂ ਲੈਣ-ਦੇਣ 'ਚ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

100 ਦੇ ਨੋਟਾਂ ਦੀ ਵਧੇਗੀ ਸਪਲਾਈ
ਰਿਪੋਰਟ ਮੁਤਾਬਕ, ਬੈਂਕ ਨੇ ਕਰਮਚਾਰੀਆਂ ਨੂੰ ਕਿਹਾ ਕਿ ਉਹ 100 ਦੇ ਨੋਟਾਂ ਦਾ ਜ਼ਿਆਦਾ ਤੋਂ ਜ਼ਿਆਦਾ ਲੈਣ-ਦੇਣ ਕਰਨ। ਨਿਰਦੇਸ਼ ਮੁਤਾਬਕ ਕਰੰਸੀ ਚੈਸਟ ਤੋਂ ਵੀ 100 ਰੁਪਏ ਦੇ ਨੋਟਾਂ ਦੀ ਸਪਲਾਈ ਨੂੰ ਵਿਸ਼ੇਸ਼ ਤੌਰ 'ਤੇ ਵਧਾਇਆ ਜਾਵੇਗਾ। ਬੈਂਕ ਦਾ ਇਹ ਨਿਰਦੇਸ਼ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੁਝ ਦਿਨਾਂ ਪਹਿਲਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ 'ਚ 2000 ਰੁਪਏ ਦੇ ਨਕਲੀ ਨੋਟਾਂ ਦਾ ਹੜ੍ਹ ਆਉਣ ਦੀ ਗੱਲ ਕਹੀ ਗਈ ਸੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਕੁੱਲ ਬਰਾਮਦ ਕੀਤੇ ਗਏ ਨਕਲੀ ਨੋਟਾਂ 'ਚ 56 ਫ਼ੀਸਦੀ ਹਿੱਸਾ 2000 ਰੁਪਏ ਦੇ ਨੋਟਾਂ ਦਾ ਸੀ।


Related News