PM-ਕਿਸਾਨ ਯੋਜਨਾ ਦੇ ਤਹਿਤ 2.2 ਲੱਖ ਕਰੋੜ ਰੁਪਏ ਦਾ ਨਕਦ ਟ੍ਰਾਂਸਫਰ ਕੀਤਾ : ਸੀਤਾਰਮਨ
Wednesday, Feb 01, 2023 - 12:02 PM (IST)
ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਪੀ ਐੱਮ-ਕਿਸਾਨ ਯੋਜਨਾ ਦੇ ਤਹਿਤ 2.2 ਲੱਖ ਕਰੋੜ ਰੁਪਏ ਦਾ ਨਕਦ ਟ੍ਰਾਂਸਫਰ ਕੀਤਾ ਹੈ। ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖ਼ਰੀ ਪੂਰਾ ਬਜਟ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਦਾ ਮਿਸ਼ਨ ਗਿਆਨ ਆਧਾਰਿਤ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਡਿਜੀਟਲ ਭੁਗਤਾਨਾਂ 'ਚ ਮਹੱਤਵਪੂਰਨ ਵਾਧੇ ਕਾਰਨ ਭਾਰਤੀ ਅਰਥਵਿਵਸਥਾ ਹੋਰ ਸੰਗਠਿਤ ਹੋ ਗਈ ਹੈ।
ਖੇਤੀਬਾੜੀ ਖੇਤਰ ਲਈ ਸੰਸਥਾਗਤ ਕਰਜ਼ਾ ਵਿੱਤੀ ਸਾਲ 2021-22 'ਚ 18.6 ਲੱਖ ਕਰੋੜ ਰੁਪਏ ਹੋ ਗਿਆ ਜੋ 2020-21 'ਚ 15.8 ਲੱਖ ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪੀ ਐੱਮ-ਕਿਸਾਨ, ਪੀ ਐੱਮ- ਫ਼ਸਲ ਬੀਮਾ ਯੋਜਨਾ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਬਣਾਉਣ ਵਰਗੀਆਂ ਪਹਿਲਕਦਮੀਆਂ ਨੇ ਇਸ ਖੇਤਰ ਦੀ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਸਮਾਜਿਕ-ਆਰਥਿਕ ਵਿਕਾਸ 'ਚ ਡਿਜੀਟਲ ਬੁਨਿਆਦੀ ਢਾਂਚੇ ਦੀ ਭੂਮਿਕਾ ਵਧੀ ਹੈ ਅਤੇ ਭਾਰਤ ਨੇ ਆਪਣੇ ਆਪ ਨੂੰ ਇੱਕ ਗਿਆਨ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ।