2021 ''ਚ 30 ਫ਼ੀਸਦੀ ਵੱਧ ਸਕਦੀ ਹੈ ਘਰਾਂ ਦੀ ਵਿਕਰੀ ਪਰ ਇਸ ਤੋਂ ਰਹੇਗੀ ਥੱਲ੍ਹੇ
Thursday, Aug 19, 2021 - 01:25 PM (IST)
ਨਵੀਂ ਦਿੱਲੀ- ਪ੍ਰਾਪਰਟੀ ਸਲਾਹਕਾਰ ਐਨਾਰੌਕ ਅਨੁਸਾਰ, 2021 ਵਿਚ ਸੱਤ ਪ੍ਰਮੁੱਖ ਸ਼ਹਿਰਾਂ ਵਿਚ ਘਰਾਂ ਦੀ ਵਿਕਰੀ 30 ਫ਼ੀਸਦੀ ਵੱਧ ਕੇ ਲਗਭਗ 1.8 ਲੱਖ ਇਕਾਈ ਹੋ ਸਕਦੀ ਹੈ ਪਰ ਇਸ ਦੇ ਅਜੇ ਵੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਵਿਚ ਸਮਾਂ ਲੱਗੇਗਾ।
ਐਨਾਰੌਕ ਦੀ ਰਿਸਰਚ ਅਨੁਸਾਰ, 2021 ਵਿਚ ਸੱਤ ਪ੍ਰਮੁੱਖ ਸ਼ਹਿਰਾਂ ਵਿਚ ਰਿਹਾਇਸ਼ੀ ਵਿਕਰੀ ਸਾਲਾਨਾ ਆਧਾਰ 'ਤੇ 30 ਫ਼ੀਸਦੀ ਵੱਧ ਕੇ 1,79,527 ਇਕਾਈ ਹੋਣ ਦੀ ਉਮੀਦ ਹੈ, ਜੋ ਪਿਛਲੇ ਸਾਲ 1,38,344 ਇਕਾਈ ਸੀ।
ਇਸ ਤੋਂ ਪਹਿਲਾਂ 2019 ਵਿਚ ਸੱਤ ਸ਼ਹਿਰਾਂ- ਦਿੱਲੀ-ਐੱਨ. ਸੀ. ਆਰ., ਮੁੰਬਈ ਮਹਾਨਗਰੀ ਖੇਤਰ (ਐੱਮ. ਐੱਮ. ਆਰ.), ਪੁਣੇ, ਬੇਂਗਲੁਰੂ, ਹੈਦਰਾਬਾਦ, ਚੇਨੱਈ ਅਤੇ ਕੋਲਕਾਤਾ ਵਿਚ ਰਿਹਾਇਸ਼ੀ ਵਿਕਰੀ 2,61,358 ਇਕਾਈ ਸੀ। ਸਲਾਹਕਾਰ ਨੇ ਇਹ ਵੀ ਅਨੁਮਾਨ ਜਤਾਇਆ ਕਿ ਵਿਕਰੀ 2022 ਵਿਚ 2,64,625 ਇਕਾਈ ਅਤੇ 2023 ਵਿਚ 3,17,550 ਇਕਾਈ ਤੱਕ ਵੱਧ ਸਕਦੀ ਹੈ। ਐਨਾਰੌਕ ਚੇਅਰਮੈਨ ਅਨੁਜ ਪੁਰੀ ਨੇ ਕਿਹਾ, ''ਰਿਹਾਇਸ਼ੀ ਖੇਤਰ 2017 ਤੋਂ 2019 ਵਿਚਕਾਰ ਸਾਲਾਨਾ ਆਧਾਰ 'ਤੇ ਚੰਗੀ ਤੇਜ਼ੀ ਦਿਖਾ ਰਿਹਾ ਸੀ ਪਰ ਕੋਵਿਡ ਮਹਾਮਾਰੀ ਕਾਰਨ ਇਹ ਹਾਲਾਤ ਪਲਟ ਗਏ। ਜੇਕਰ ਅਜਿਹਾ ਨਾ ਹੁੰਦਾ ਤਾਂ 2020 ਵਿਚ ਰਿਹਾਇਸ਼ੀ ਖੇਤਰ ਲਈ ਇਕ ਬਿਹਤਰ ਸਾਲ ਹੁੰਦਾ।"