ਰਿਲਾਇੰਸ ਇੰਡਸਟ੍ਰੀਜ਼ ਨੇ ਵਿਦੇਸ਼ੀ ਮੁਦਰਾ ’ਚ ਬਾਂਡ ਜਾਰੀ ਕਰ ਕੇ ਚਾਰ ਅਰਬ ਡਾਲਰ ਜੁਟਾਏ
Friday, Jan 07, 2022 - 12:22 PM (IST)
ਨਵੀਂ ਦਿੱਲੀ(ਭਾਸ਼ਾ) – ਤੇਲ ਤੋਂ ਲੈ ਕੇ ਦੂਰਸੰਚਾਰ ਖੇਤਰ ਤੱਕ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਵਿਦੇਸ਼ੀ ਮੁਦਰਾ ’ਚ ਬਾਂਡ ਜਾਰੀ ਕਰ ਕੇ ਚਾਰ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਜੁਟਾਇਆ ਹੈ। ਇਹ ਭਾਰਤ ਤੋਂ ਜਾਰੀ ਹੁਣ ਤੱਕ ਦਾ ਸਭ ਤੋਂ ਵੱਡੀ ਰਾਸ਼ੀ ਦਾ ਵਿਦੇਸੀ ਮੁਦਰਾ ਬਾਂਡ ਸੀ। ਸਮੂਹ ਨੇ ਵਿਦੇਸ਼ੀ ਮੁਦਰਾ ਮੁੱਲ ’ਚ ਬਾਂਡ ਜਾਰੀ ਕਰ ਕੇ ਧਨ ਜੁਟਾਇਆ। ਕੰਪਨੀ ਦੀ ਇਸ ਰਾਸ਼ੀ ਦੀ ਵਰਤੋਂ ਮੌਜੂਦਾ ਕਰਜ਼ੇ ਨੂੰ ਅਦਾ ਕਰਨ ’ਚ ਕਰਨ ਦੀ ਯੋਜਨਾ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਬਿਆਨ ਮੁਤਾਬਕ ਇਸ਼ੂ ਨੂੰ 11.5 ਅਰਬ ਡਾਲਰ ਨਾਲ ਕਰੀਬ ਤਿੰਨ ਗੁਣਾ ਸਬਸਕ੍ਰਿਪਸ਼ਨ ਮਿਲੀ।
ਕੰਪਨੀ ਨੇ 1.5 ਅਰਬ ਡਾਲਰ 2.875 ਫੀਸਦੀ ਵਿਆਜ, 1.75 ਅਰਬ ਡਾਲਰ 3.625 ਫੀਸਦੀ ਵਿਆਜ ਅਤੇ 75 ਕਰੋੜ ਡਾਲਰ 3.75 ਫੀਸਦੀ ਵਿਆਜ ’ਤੇ ਜੁਟਾਏ। ਇਸ ਦੀ ਭੁਗਤਾਨ ਮਿਆਦ 2032 ਤੋਂ 2062 ਦਰਮਿਆਨ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਬਾਂਡ ਨੂੰ ਸਾਖ ਨਿਰਧਾਰਣ ਕਰਨ ਵਾਲੀਆਂ ਏਜੰਸੀਆਂ ਐੱਸ. ਐਂਡ ਪੀ. ਨੇ ਬੀ. ਬੀ. ਬੀ. ਪਲੱਸ ਅਤੇ ਮੂਡੀਜ਼ ਨੇ ਬੀ. ਏ. ਏ.2 ਰੇਟਿੰਗ ਦਿੱਤੀ ਸੀ। ਬਿਆਨ ਮੁਤਾਬਕ ਬਾਂਡ ਲਈ ਏਸ਼ੀਆ, ਯੂਰਪ ਅਤੇ ਅਮਰੀਕਾ ਤੋਂ ਆਰਡਰ ਮਿਲੇ।