ਸਰਕਾਰ ਨੇ ਕੱਚੇ ਤੇਲ ''ਤੇ ਵਿੰਡਫਾਲ ਟੈਕਸ 13,000 ਰੁਪਏ ਪ੍ਰਤੀ ਟਨ ਤੋਂ ਘਟਾ ਕੇ 10,500 ਰੁਪਏ ਕੀਤਾ
Saturday, Sep 17, 2022 - 12:55 PM (IST)
ਬਿਜ਼ਨੈੱਸ ਡੈਸਕ : ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਇਕ ਸਰਕੁਲਰ ਦੇ ਮੁਤਾਬਕ ਭਾਰਤ ਸਰਕਾਰ ਨੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਬਰਾਮਦ 'ਤੇ ਵਿੰਡਫਾਲ ਟੈਕਸ (ਡਿਊਟੀ) 13,300 ਰੁਪਏ ਤੋਂ ਘਟਾ ਕੇ 10,500 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡੀਜ਼ਲ 'ਤੇ ਲਾਗੂ ਨਿਰਯਾਤ ਡਿਊਟੀ ਨੂੰ ਘਟਾ ਕੇ 5 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ 7 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 13.50 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਸੀ। 1 ਸਤੰਬਰ ਨੂੰ ATF ਯਾਨੀ ਹਵਾਈ ਜਹਾਜ਼ ਦੇ ਈਂਧਨ 'ਤੇ ਐਕਸਪੋਰਟ ਡਿਊਟੀ 7 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 9 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ। ਇਸ ਨੂੰ ਫਿਲਹਾਲ ਬਰਕਰਾਰ ਰੱਖਿਆ ਗਿਆ ਹੈ। ਸਰਕਾਰ ਵੱਲੋਂ ਜਾਰੀ ਨਵੀਆਂ ਦਰਾਂ 17 ਸਤੰਬਰ ਦੀ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।
ਜ਼ਿਕਰ ਯੋਗ ਹੈ ਕਿ ਸਰਕਾਰ ਹਰ 15 ਦਿਨਾਂ ਬਾਅਦ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ। ਸਰਕਾਰ ਨੇ 1 ਜੁਲਾਈ ਨੂੰ ਪੈਟਰੋਲ ਅਤੇ ATF 'ਤੇ 6 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 'ਤੇ 13 ਰੁਪਏ ਪ੍ਰਤੀ ਲਿਟਰ ਰ ਵਿੰਡਫਾਲ ਟੈਕਸ (ਡਿਊਟੀ) ਲਗਾਉਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਹਰ ਪੰਦਰਵਾੜੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ।
ਕੇਂਦਰ ਸਰਕਾਰ ਨੇ 20 ਜੁਲਾਈ ਨੂੰ ਪੈਟਰੋਲ ਦੀ ਬਰਾਮਦ 'ਤੇ ਲਗਾਈ ਗਈ 6 ਰੁਪਏ ਪ੍ਰਤੀ ਲਿਟਰ ਦੀ ਬਰਾਮਦ ਡਿਊਟੀ ਨੂੰ ਖਤਮ ਕਰ ਦਿੱਤਾ ਸੀ। ਦੂਜੇ ਪਾਸੇ, ਡੀਜ਼ਲ ਅਤੇ ATF 'ਤੇ ਨਿਰਯਾਤ ਡਿਊਟੀ 2-2 ਰੁਪਏ ਘਟਾ ਕੇ ਕ੍ਰਮਵਾਰ 11 ਰੁਪਏ ਅਤੇ 4 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਸਮੇਂ ਦੌਰਾਨ, ਘਰੇਲੂ ਪੱਧਰ 'ਤੇ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਟੈਕਸ ਵੀ 23,250 ਰੁਪਏ ਪ੍ਰਤੀ ਟਨ ਤੋਂ ਘਟਾ ਕੇ 17,000 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ।
ਪਹਿਲਾਂ ਕੇਂਦਰ ਸਰਕਾਰ ਨੇ 2 ਅਗਸਤ ਨੂੰ ਡੀਜ਼ਲ ਦੀ ਬਰਾਮਦ 'ਤੇ ਵਿੰਡਫਾਲ ਟੈਕਸ 11 ਰੁਪਏ ਤੋਂ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਸੀ ਅਤੇ ਨਾਲ ਹੀ ATF 'ਤੇ ਇਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਇਸੇ ਤਰ੍ਹਾਂ ਪੈਟਰੋਲ ਦੀ ਬਰਾਮਦ 'ਤੇ ਡਿਊਟੀ ਨੂੰ ਜ਼ੀਰੋ 'ਤੇ ਰੱਖਣ ਦਾ ਫੈ਼ਸਲਾ ਕੀਤਾ ਗਿਆ ਅਤੇ ਦੇਸ਼ 'ਚ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ 17,000 ਰੁਪਏ ਪ੍ਰਤੀ ਟਨ ਤੋਂ ਵਧਾ ਕੇ 17,750 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ।