ਘਟ ਸਕਦੈ ਸਾਉਣੀ ਫਸਲਾਂ ਦਾ ਉਤਪਾਦਨ

09/24/2017 2:19:53 AM

ਨਵੀਂ ਦਿੱਲੀ-ਦੇਸ਼ 'ਚ ਸਾਲ 2017-18 ਦੌਰਾਨ ਸਾਉਣੀ ਫਸਲਾਂ ਦਾ ਉਤਪਾਦਨ 13 ਕਰੋੜ 46 ਲੱਖ ਟਨ ਹੋਣ ਦਾ ਅੰਦਾਜ਼ਾ ਹੈ ਜੋ ਪਿਛਲੇ ਸਾਲ ਦੀ ਰਿਕਾਰਡ ਫਸਲ 13 ਕਰੋੜ 85 ਲੱਖ ਟਨ ਤੋਂ 38 ਲੱਖ ਟਨ ਘੱਟ ਹੈ। ਹਾਲਾਂਕਿ ਇਹ ਪਿਛਲੇ 5 ਸਾਲ ਦੇ ਔਸਤ ਉਤਪਾਦਨ 12 ਕਰੋੜ 82 ਲੱਖ ਟਨ ਤੋਂ 64 ਲੱਖ ਟਨ ਜ਼ਿਆਦਾ ਹੈ। ਖੇਤੀਬਾੜੀ ਮੰਤਰਾਲਾ ਦੇ ਸੂਤਰਾਂ ਅਨੁਸਾਰ ਸਾਲ 2017-18 ਤੋਂ ਪਹਿਲਾਂ ਅਗਾਊਂ ਅੰਦਾਜ਼ੇ ਮੁਤਾਬਕ ਇਸ ਸਾਲ ਝੋਨੇ ਦਾ ਉਤਪਾਦਨ 9 ਕਰੋੜ 44 ਲੱਖ ਟਨ ਰਹੇਗਾ ਜੋ ਪਿਛਲੇ ਸਾਲ ਦੇ ਮੁਕਾਬਲੇ 19 ਲੱਖ ਟਨ ਘੱਟ ਹੈ। ਪਿਛਲੇ ਸਾਲ ਝੋਨੇ ਦਾ ਰਿਕਾਰਡ 9 ਕਰੋੜ 63 ਲੱਖ ਟਨ ਉਤਪਾਦਨ ਹੋਇਆ ਸੀ। ਇਸ ਸਾਲ ਮੋਟੇ ਅਨਾਜਾਂ ਦੀਆਂ ਫਸਲਾਂ ਘਟ ਕੇ 3 ਕਰੋੜ 14 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 3 ਕਰੋੜ 27 ਲੱਖ ਟਨ ਸੀ। ਇਸ ਮਿਆਦ 'ਚ ਮੱਕੇ ਦੀ ਫਸਲ ਮਾਮੂਲੀ ਰੂਪ ਨਾਲ ਘਟ ਕੇ 1 ਕਰੋੜ 87 ਲੱਖ ਟਨ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ। ਪਿਛਲੇ ਸਾਲ ਇਸ ਨਾਲੋਂ 5 ਲੱਖ ਟਨ ਜ਼ਿਆਦਾ ਉਤਪਾਦਨ ਹੋਇਆ ਸੀ।  
ਇਸ ਮਿਆਦ 'ਚ ਦਾਲਾਂ ਦਾ ਉਤਪਾਦਨ 87 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ ਜੋ ਪਿਛਲੇ ਸਾਲ ਦੇ ਰਿਕਾਰਡ ਉਤਪਾਦਨ 94 ਲੱਖ ਟਨ ਤੋਂ 7 ਲੱਖ ਟਨ ਘੱਟ ਹੈ। ਹਾਲਾਂਕਿ ਇਹ ਪਿਛਲੇ 5 ਸਾਲ ਦੇ ਔਸਤ ਉਤਪਾਦਨ ਨਾਲੋਂ 28 ਲੱਖ ਟਨ ਜ਼ਿਆਦਾ ਹੈ। ਅਰਹਰ ਦਾ ਉਤਪਾਦਨ 39 ਲੱਖ ਟਨ ਅਤੇ ਮਾਂਹ ਦਾ ਉਤਪਾਦਨ ਰਿਕਾਰਡ 25 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ। ਮੌਜੂਦਾ ਸਾਲ 'ਚ ਤਿਲਾਂ ਦੀ ਕੁਲ ਫਸਲ 2 ਕਰੋੜ 6 ਲੱਖ ਟਨ ਹੋਣ ਦਾ ਅੰਦਾਜ਼ਾ ਹੈ ਜੋ ਪਿਛਲੇ ਸਾਲ ਦੇ 2 ਕਰੋੜ 24 ਲੱਖ ਟਨ ਤੋਂ 17 ਲੱਖ ਟਨ ਘੱਟ ਹੈ।


Related News