ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਘਟਾਏ, ਜਾਂ ਬੰਦ ਕਰੇ ਭਾਰਤ : ਮੂਡੀਜ਼
Friday, Sep 28, 2018 - 12:50 AM (IST)
ਨਵੀਂ ਦਿੱਲੀ (ਇੰਟ.)-ਭਾਰਤ ਦੀਆਂ ਰਿਫਾਇਨਰੀ ਕੰਪਨੀਆਂ ਨੂੰ ਅਗਲੇ ਮਹੀਨੇ ਦੌਰਾਨ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਘਟਾਉਣੀ ਚਾਹੀਦੀ ਹੈ ਜਾਂ ਪੂਰੀ ਤਰ੍ਹਾਂ ਬੰਦ ਕਰ ਦੇਣੀ ਚਾਹੀਦੀ ਹੈ। ਮੂਡੀਜ਼ ਇਨਵੈਸਟਰ ਸਰਵਿਸ ਨੇ ਇਹ ਵਿਚਾਰ ਪ੍ਰਗਟ ਕੀਤੇ। ਮੂਡੀਜ਼ ਦਾ ਕਹਿਣਾ ਹੈ ਕਿ ਭਾਰਤ ਨੂੰ ਕੱਚੇ ਤੇਲ ਦੀ ਦਰਾਮਦ ਲਈ ਪੱਛਮ ਏਸ਼ੀਆ ਦੇ ਹੋਰ ਸਪਲਾਇਰਾਂ ਸਾਊਦੀ ਅਰਬ ਅਤੇ ਇਰਾਕ ਉੱਤੇ ਨਿਰਭਰਤਾ ਵਧਾਉਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਆਪਣੇ ਭਾਸ਼ਣ ਦੌਰਾਨ ਦੁਹਰਾਇਆ ਕਿ ਈਰਾਨੀ ਤੇਲ ਬਰਾਮਦ ਉੱਤੇ ਪਾਬੰਦੀਆਂ 5 ਨਵੰਬਰ ਤੋਂ ਲਾਗੂ ਹੋਣਗੀਆਂ। ਅਮਰੀਕਾ ਉਨ੍ਹਾਂ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ ਜੋ ਈਰਾਨੀ ਤੇਲ ਦੀ ਦਰਾਮਦ ਕਰ ਰਹੇ ਹਨ, ਜਿਸ ਨਾਲ ਇਹ ਦੇਸ਼ ਈਰਾਨ ਤੋਂ ਆਪਣੀ ਖਰੀਦ ਰਿਕਾਰਡ ਰੂਪ ਨਾਲ ਘਟਾ ਸਕਣ। ਚੀਨ ਤੋਂ ਬਾਅਦ ਭਾਰਤ ਈਰਾਨੀ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ। ਅਪ੍ਰੈਲ-ਅਗਸਤ ਦੌਰਾਨ ਈਰਾਨ ਤੋਂ ਬਰਾਮਦ ਕੀਤੇ ਗਏ ਕੁਲ ਕੱਚੇ ਤੇਲ ਵਿਚ ਭਾਰਤ ਦੀ ਹਿੱਸੇਦਾਰੀ ਕਰੀਬ 30 ਫ਼ੀਸਦੀ ਰਹੀ ਹੈ।
