ਜਬਰ-ਜ਼ਿਨਾਹ ਮਾਮਲੇ ਵਿਚ ਜੇਲ੍ਹ ''ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ ''ਚ ਮੌਤ, ਪਤਨੀ ਨੇ ਲਾਏ ਗੰਭੀਰ ਦੋਸ਼

Friday, Apr 17, 2026 - 05:53 PM (IST)

ਜਬਰ-ਜ਼ਿਨਾਹ ਮਾਮਲੇ ਵਿਚ ਜੇਲ੍ਹ ''ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ ''ਚ ਮੌਤ, ਪਤਨੀ ਨੇ ਲਾਏ ਗੰਭੀਰ ਦੋਸ਼

ਲੁਧਿਆਣਾ (ਸਿਆਲ)- ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਵਿਚ ਕਥਿਤ ਜਬਰ-ਜ਼ਿਨਾਹ ਕੇਸ ਦੇ ਦੋਸ਼ ਵਿਚ ਬੰਦ ਇਕ ਹਵਾਲਾਤੀ ਦੀ ਸਿਵਲ ਹਸਪਤਾਲ ਲਿਆਉਣ ’ਤੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਵਾਲਾਤੀ ਜਤਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਜੋਂ ਹੋਈ ਹੈ।

ਦੱਸਿਆ ਜਾਂਦਾ ਹੈ ਕਿ ਹਵਾਲਾਤੀ ਦੀ ਜੇਲ੍ਹ ਵਿਚ ਹਾਲਤ ਗੰਭੀਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਜੇਲ੍ਹ ਸਟਾਫ ਨੇ ਮ੍ਰਿਤਕ ਹਵਾਲਾਤੀ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਮੌਕੇ ’ਤੇ ਸਿਵਲ ਹਸਪਤਾਲ ਪੁੱਜੀ ਹਵਾਲਾਤੀ ਦੀ ਪਤਨੀ ਹਰਪ੍ਰੀਤ ਕੌਰ ਨੇ ਕਾਫੀ ਹੰਗਾਮਾ ਕੀਤਾ ਅਤੇ ਦੋਸ਼ ਲਾਇਆ।

ਮ੍ਰਿਤਕ ਦੀ ਪਤਨੀ ਨੇ ਸਿਵਲ ਹਸਪਤਾਲ ਵਿਚ ਦੱਸਿਆ ਕਿ ਉਸ ਦੇ ਪਤੀ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਨ੍ਹਾਂ ਨੂੰ ਜੇਲ ਪ੍ਰਸ਼ਾਸਨ ਕੁਝ ਵੀ ਠੀਕ ਤਰ੍ਹਾਂ ਨਹੀਂ ਦੱਸ ਰਿਹਾ, ਸਗੋਂ ਉਸ ਨੂੰ ਤਾਂ ਜੇਲ੍ਹ ਸਟਾਫ ਨੇ ਇਹ ਦੱਸਿਆ ਕਿ ਉਸ ਦੇ ਪਤੀ ਦੀ ਲਾਸ਼ ਸਿਵਲ ਹਸਪਤਾਲ ਵਿਚ ਪਈ ਹੈ ਜਿਸ ਨੂੰ ਪਰਿਵਾਰ ਲੈ ਜਾਵੇ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਜਬਰ-ਜ਼ਿਨਾਹ ਦੇ ਝੂਠੇ ਕੇਸ ਵਿਚ ਫਸਾਇਆ ਗਿਆ ਸੀ ਤੇ ਸ਼ਿਕਾਇਤਕਰਤਾ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਉਸ ਦੇ ਪਤੀ ਨੂੰ ਜੇਲ੍ਹ ਵਿਚ ਹੀ ਕਥਿਤ ਰੂਪ ਨਾਲ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਕੀ ਦੱਸਿਆ ਜੇਲ੍ਹ ਪ੍ਰਸ਼ਾਸਨ ਨੇ

ਇਸ ਸਬੰਧੀ ਜੇਲ੍ਹ ਦੇ ਵਧੀਕ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਕੁਝ ਦਿਨ ਪਹਿਲਾਂ ਮੁਲਾਕਾਤ ਕਰਨ ਆਈ ਪਤਨੀ ਨਾਲ ਕਿਸੇ ਗੱਲ ’ਤੇ ਬਹਿਸਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਉਕਤ ਮ੍ਰਿਤਕ ਪ੍ਰੇਸ਼ਾਨ ਸੀ ਅਤੇ ਇਸ ਨੇ ਜੇਲ੍ਹ ਵਿਚ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਪਤਨੀ ਵੱਲੋਂ ਜੇਲ੍ਹ ਪ੍ਰਸ਼ਾਸਨ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ।


author

Anmol Tagra

Content Editor

Related News