ਰੇਲਵੇ ਨੇ FY2017-18 'ਚ 100 ਰੁਪਏ ਦੀ ਕਮਾਈ ਲਈ ਖਰਚ ਕੀਤੇ 98.44 ਰੁਪਏ : ਕੈਗ ਰਿਪੋਰਟ

12/03/2019 10:58:32 AM

ਨਵੀਂ ਦਿੱਲੀ — ਸੰਸਦ ਵਿਚ ਪੇਸ਼ ਕੀਤੀ ਗਈ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਇਕ ਰਿਪੋਰਟ ਵਿਚ ਰੇਲਵੇ ਬਾਰੇ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਰੇਲਵੇ ਦਾ ਸੰਚਾਲਨ ਖਰਚਾ ਲਗਾਤਾਰ ਵਧ ਰਿਹਾ ਹੈ। ਇਸਦਾ ਸੰਚਾਲਨ ਅਨੁਪਾਤ 2017-18 ਵਿਚ ਵਧ ਕੇ 10 ਸਾਲ ਦੇ ਉੱਚ ਪੱਧਰ 98.44 ਫੀਸਦੀ ਤੱਕ ਪਹੁੰਚ ਗਿਆ। ਇਸਦਾ ਅਰਥ ਹੈ ਕਿ ਰੇਲਵੇ ਨੂੰ 100 ਰੁਪਏ ਕਮਾਉਣ ਲਈ 98.44 ਰੁਪਏ ਖਰਚਣੇ ਪੈ ਰਹੇ ਹਨ। ਕੈਗ ਦੀ ਰਿਪੋਰਟ ਦੇ ਅਨੁਸਾਰ ਰੇਲਵੇ ਦਾ ਸੰਚਾਲਨ ਅਨੁਪਾਤ 2015-16 ਵਿਚ 90.49 ਫੀਸਦੀ ਅਤੇ 2016-17 ਵਿਚ 96.5 ਫੀਸਦੀ ਰਿਹਾ ਸੀ।

ਰਿਪੋਰਟ ਅਨੁਸਾਰ ਭਾਰਤੀ ਰੇਲਵੇ ਦਾ ਓਪਰੇਟਿੰਗ ਅਨੁਪਾਤ ਵਿੱਤੀ ਸਾਲ 2017-18 ਵਿਚ 98.44 ਫੀਸਦੀ ਰਹਿਣ ਦਾ ਮੁੱਖ ਕਾਰਨ ਇਸਦਾ ਵਧਦਾ ਓਪਰੇਟਿੰਗ ਖਰਚਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2008-09 ਵਿਚ ਰੇਲਵੇ ਦਾ ਸੰਚਾਲਨ ਅਨੁਪਾਤ 90.48 ਫੀਸਦੀ ਅਤੇ ਸਾਲ 2009-10 'ਚ 95.28 ਫੀਸਦੀ, 2010-11 'ਚ 94.59 ਫੀਸਦੀ, 2011-12 ਵਿਚ 94.85 ਫੀਸਦੀ, 2012-13 'ਚ 90.19 ਫੀਸਦੀ, 2013-14 'ਚ 93.6 ਫੀਸਦੀ, 2014-15 'ਚ 91.25 ਫੀਸਦੀ ਤੱਕ ਪਹੁੰਚ ਗਿਆ।

ਕੈਗ ਨੇ ਇਹ ਸਿਫਾਰਸ਼ ਕੀਤੀ ਹੈ ਕਿ ਰੇਲਵੇ ਨੂੰ ਅੰਦਰੂਨੀ ਕਮਾਈ ਵਧਾਉਣ ਲਈ ਉਪਾਅ ਕਰਨੇ ਚਾਹੀਦੇ ਹਨ ਤਾਂ ਜੋ ਕੁੱਲ ਅਤੇ ਵਾਧੂ ਬਜਟ ਦੇ ਸਰੋਤਾਂ ਉੱਤੇ ਨਿਰਭਰਤਾ ਨੂੰ ਘਟਾਇਆ ਜਾ ਸਕੇ। ਕੈਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਦਾ ਕੁਲ ਖਰਚਾ ਸਾਲ 2016-17 ਵਿਚ 2,68,759.62 ਕਰੋੜ ਰੁਪਏ ਤੋਂ ਵਧ ਕੇ 2017-18 ਵਿਚ 2,79,249.50 ਕਰੋੜ ਰੁਪਏ ਹੋ ਗਿਆ। ਪੂੰਜੀਗਤ ਖਰਚੇ ਵਿਚ 5.82 ਫੀਸਦ ਦੀ ਗਿਰਾਵਟ ਆਈ ਹੈ ਜਦੋਂਕਿ ਸਾਲ ਦੌਰਾਨ ਮਾਲੀਏ ਦੇ ਖਰਚੇ ਵਿਚ 10.47 ਫੀਸਦੀ ਦਾ ਵਾਧਾ ਹੋਇਆ ਹੈ।

ਕੈਗ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੇਲਵੇ ਦਾ ਸਭ ਤੋਂ ਵੱਡਾ ਸਰੋਤ ਮਾਲ ਭਾੜਾ ਹੈ ਅਤੇ ਇਸ ਤੋਂ ਬਾਅਦ ਵਾਧੂ ਬਜਟ ਸਰੋਤ ਅਤੇ ਯਾਤਰੀਆਂ ਕੋਲੋਂ ਹੋਣ ਵਾਲੀ ਆਮਦਨੀ ਹੁੰਦੀ ਹੈ। ਕੈਗ ਦੀ ਰਿਪੋਰਟ ਵਿਚ ਇਹ ਸਿਫਾਰਸ਼ ਕੀਤੀ ਗਈ ਹੈ ਕਿ ਰੇਲਵੇ ਨੂੰ ਆਪਣੇ ਅੰਦਰੂਨੀ ਮਾਲੀਏ ਨੂੰ ਵਧਾਉਣ ਲਈ ਉਪਾਅ ਕਰਨੇ ਚਾਹੀਦੇ ਹਨ ਤਾਂ ਜੋ ਕੁੱਲ ਅਤੇ ਵਾਧੂ ਬਜਟ ਸਰੋਤਾਂ 'ਤੇ ਨਿਰਭਰਤਾ ਘੱਟ ਹੋ ਸਕੇ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਰੇਲਵੇ ਬਾਜ਼ਾਰ ਤੋਂ ਪ੍ਰਾਪਤ ਹੋਣ ਵਾਲੇ ਫੰਡ ਦੀ ਪੂਰੀ ਵਰਤੋਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।


Related News