ਰੇਲਵੇ ਦੀ ਟਿਕਟ ਬੁਕਿੰਗ ''ਤੇ ਖਤਮ ਹੋ ਸਕਦੈ ਚਾਰਜ
Thursday, Nov 30, 2017 - 01:49 PM (IST)
ਨਵੀਂ ਦਿੱਲੀ— ਆਨਲਾਈਨ ਰੇਲ ਟਿਕਟ ਬੁੱਕ ਕਰਨ 'ਤੇ ਲੱਗਣ ਵਾਲਾ ਚਾਰਜ ਜਲਦ ਖਤਮ ਹੋ ਸਕਦਾ ਹੈ। ਦਰਅਸਲ, ਰੇਲਵੇ ਨੇ ਬੈਂਕਾਂ ਤੋਂ ਰੇਲ ਟਿਕਟਾਂ ਲਈ ਡਿਜੀਟਲ ਪੇਮੈਂਟ 'ਤੇ ਲਏ ਜਾਣ ਵਾਲੇ ਚਾਰਜ ਨੂੰ ਖਤਮ ਕਰਨ ਜਾਂ ਇਸ 'ਚ ਵੱਡੀ ਕਟੌਤੀ ਦੀ ਮੰਗ ਕੀਤੀ ਹੈ। ਰੇਲਵੇ ਨੇ ਕਿਹਾ ਹੈ ਕਿ ਜੇਕਰ ਬੈਂਕ ਇਹ ਚਾਰਜ ਖਤਮ ਕਰਦੇ ਹਨ ਜਾਂ ਇਸ 'ਚ ਵੱਡੀ ਕਟੌਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਹੋਰ ਜ਼ਿਆਦਾ ਬਿਜ਼ਨਸ ਮਿਲੇਗਾ। ਇਸ ਚਾਰਜ ਨੂੰ ਐੱਮ. ਡੀ. ਆਰ. ਕਿਹਾ ਜਾਂਦਾ ਹੈ। ਰੇਲਵੇ ਨੇ ਕਿਹਾ ਹੈ ਕਿ ਇਸ ਕਦਮ ਨਾਲ ਡਿਜੀਟਲ ਪੇਮੈਂਟ ਨੂੰ ਉਤਸ਼ਾਹ ਮਿਲੇਗਾ ਅਤੇ ਬੈਂਕਾਂ, ਮੁਸਾਫਰਾਂ ਅਤੇ ਨਾਲ ਹੀ ਰੇਲਵੇ ਨੂੰ ਵੀ ਫਾਇਦਾ ਹੋਵੇਗਾ।
ਰੇਲਵੇ ਚਾਹੁੰਦਾ ਹੈ ਕਿ ਉਸ ਦਾ ਟਿਕਟ ਬਿਜ਼ਨਸ ਪੂਰੀ ਤਰ੍ਹਾਂ ਨਾਲ ਕੈਸ਼ਲੈੱਸ ਹੋ ਜਾਵੇ ਤਾਂ ਕਿ ਟਿਕਟ ਖਿੜਕੀ ਨੂੰ ਮੈਨੇਜ ਕਰਨ 'ਤੇ ਆਉਣ ਵਾਲੀ ਲਾਗਤ ਘੱਟ ਕੀਤੀ ਜਾ ਸਕੇ। ਰੇਲਵੇ ਦੇ ਇਕ ਉੱਚ ਅਧਿਕਾਰੀ ਮੁਤਾਬਕ, ਰੇਲਵੇ ਨੇ ਸਾਰੇ ਪ੍ਰਮੁੱਖ ਬੈਂਕਾਂ ਦੇ ਮੁਖੀਆਂ ਨੂੰ ਲਿਖ ਕੇ ਐੱਮ. ਡੀ. ਆਰ. 'ਚ ਛੋਟ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਡਿਜੀਟਲ ਪੇਮੈਂਟ ਨੂੰ ਹੱਲਾਸ਼ੇਰੀ ਮਿਲ ਸਕੇ। ਅਧਿਕਾਰੀ ਨੇ ਕਿਹਾ ਕਿ ਰੇਲਵੇ ਨੇ ਬੈਂਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਚਾਰਜ ਨੂੰ ਖਤਮ ਕਰਨ ਜਾਂ ਘੱਟ ਕਰਨਗੇ ਤਾਂ ਰੇਲਵੇ ਇਸ ਦੇ ਬਦਲੇ ਉਨ੍ਹਾਂ ਦੀਆਂ ਬੈਂਕਿੰਗ ਸਹੂਲਤਾਂ ਦਾ ਇਸਤੇਮਾਲ ਆਪਣੇ ਜਮ੍ਹਾਵਾਂ ਅਤੇ ਕਰਮਚਾਰੀਆਂ ਦੀ ਤਨਖਾਹ ਲਈ ਕਰੇਗਾ। ਦੱਸਣਯੋਗ ਹੈ ਕਿ ਰੇਲਵੇ ਟਿਕਟ ਕਾਊਂਟਰਾਂ 'ਤੇ 15,000 ਪੀ. ਓ. ਐੱਸ. ਮਸ਼ੀਨਾਂ ਲਗਾ ਰਿਹਾ ਹੈ। ਫਿਲਹਾਲ ਅਜਿਹੇ ਕਾਊਂਟਰਾਂ ਦੀ ਗਿਣਤੀ ਕਾਫੀ ਘੱਟ ਹੈ, ਜਿੱਥੇ ਡੈਬਿਟ ਅਤੇ ਕ੍ਰੈਡਿਟ ਕਾਰਡ ਜ਼ਰੀਏ ਪੇਮੈਂਟ ਲਈ ਪੀ. ਓ. ਐੱਸ. ਸਰਵਿਸ ਮਿਲਦੀ ਹੈ।
