ਕਤਰ ''ਚ ਵਧੀ ਭਾਰਤੀ ਫਲ ਅਤੇ ਸਬਜ਼ੀਆਂ ਦੀ ਮੰਗ

Wednesday, Jun 21, 2017 - 11:53 PM (IST)

ਕਤਰ ''ਚ ਵਧੀ ਭਾਰਤੀ ਫਲ ਅਤੇ ਸਬਜ਼ੀਆਂ ਦੀ ਮੰਗ

ਨਵੀਂ ਦਿੱਲੀ — ਭਾਰਤ ਤੋਂ ਕਤਰ ਨੂੰ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਪਿਛਲੇ ਦੋ ਹਫਤਿਆਂ ਦੌਰਾਨ 15 ਫੀਸਦੀ ਵਧੀ ਹੈ। ਇਸ ਦਾ ਕਾਰਨ ਇਹ ਹੈ ਕਿ ਸਾਊਦੀ ਅਰਬ ਅਤੇ ਹੋਰ ਗੁਆਂਢੀ ਦੇਸ਼ਾਂ ਨੇ ਕਤਰ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਇਨ੍ਹਾਂ ਦੇਸ਼ਾਂ ਤੋਂ ਕਤਰ ਨੂੰ ਫਲ-ਸਬਜ਼ੀਆਂ ਦੀ ਸਪਲਾਈ ਬੰਦ ਹੋ ਗਈ ਹੈ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ, ਬਹਿਰੀਨ ਅਤੇ ਯਮਨ ਨੇ ਕਤਰ ਨਾਲ ਕੂਟਨੀਤਕ ਸੰਬੰਧ ਤੋੜਨ ਅਤੇ ਜ਼ਮੀਨੀ, ਸਮੁੰਦਰੀ ਅਤੇ ਹਵਾਈ ਸੰਪਰਕ ਕੱਟਣ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਤੋਂ ਭਾਰਤ ਤੋਂ ਕਤਰ ਨੂੰ ਤਾਜ਼ਾ ਫਲ-ਸਬਜ਼ੀਆਂ ਦੀ ਬਰਾਮਦ 'ਚ ਵਾਧਾ ਹੋਇਆ ਹੈ। ਬਾਅਦ 'ਚ ਕਤਰ ਨਾਲ ਸੰਬੰਧ ਤੋਡਨ ਦੀ ਜਮਾਤ 'ਚ ਮਾਲਦੀਵ ਅਤੇ ਲੀਬੀਆ ਵੀ ਸ਼ਾਮਿਲ ਹੋ ਗਏ। ਇਸ ਦੇ ਨਤੀਜੇ ਵਜੋਂ ਕਤਰ ਨੇ ਭਾਰਤ ਤੋਂ ਤਾਜ਼ਾ ਫਲ-ਸਬਜ਼ੀਆਂ ਦੀ ਖਰੀਦ ਵਧਾਈ ਹੈ। 
ਤੱਤਕਾਲੀਨ ਮੰਗ ਪੂਰੀ ਕਰਨ ਲਈ ਕਤਰ ਹਵਾਈ ਮਾਰਗ ਰਾਹੀਂ ਵੀ ਦਰਾਮਦ ਕਰ ਰਿਹਾ ਹੈ ਤਾਂ ਜੋ ਕਿੱਲਤ ਕਾਰਨ ਮਹਿੰਗਾਈ 'ਚ ਤੇਜ਼ੀ ਨਾਲ ਵਾਧਾ ਨਾ ਹੋਵੇ। ਬਹੁਤ ਸਾਰੀਆਂ ਮਾਲਵਾਹਕ ਹਵਾਈ ਕੰਪਨੀਆਂ ਨੇ ਪਿਛਲੇ ਦੋ ਹਫਤਿਆਂ ਦੌਰਾਨ ਕਤਰ 'ਚ ਵੱਡੀ ਮਾਤਰਾ 'ਚ ਮਾਲ ਪਹੁੰਚਾਇਆ ਹੈ। ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦੇ ਹੋਏ ਏਪੀਡਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,'ਪਿਛਲੇ ਦੋ ਹਫਤਿਆਂ ਦੌਰਾਨ ਭਾਰਤ ਤੋਂ ਕਤਰ ਨੂੰ ਫਲ ਅਤੇ ਸਬਜ਼ੀਆਂ ਦੀ ਬਰਾਮਦ ਵਧੀ ਹੈ ਅਤੇ ਇਸ ਦਾ ਕਾਰਨ ਕਤਰ ਨੂੰ ਉਸ ਦੇ ਗੁਆਂਢੀ ਦੇਸ਼ਾਂ ਤੋਂ ਇਨ੍ਹਾਂ ਜਿਣਸਾਂ ਦੀ ਬਰਾਮਦ ਬੰਦ ਹੋਣਾ ਹੈ।'


Related News