ਚੰਡੀਗੜ੍ਹ ਗ੍ਰਨੇਡ ਹਮਲੇ ਖਿਲਾਫ ਰਾਮਪੁਰਾ ਤਿੱਖਾ ਪ੍ਰਦਰਸ਼ਨ, ਪੰਜਾਬ ''ਚ ਰਾਸ਼ਟਰਪਤੀ ਰਾਜ ਦੀ ਮੰਗ : ਨਕੱਈ

Thursday, Apr 02, 2026 - 04:32 PM (IST)

ਚੰਡੀਗੜ੍ਹ ਗ੍ਰਨੇਡ ਹਮਲੇ ਖਿਲਾਫ ਰਾਮਪੁਰਾ ਤਿੱਖਾ ਪ੍ਰਦਰਸ਼ਨ, ਪੰਜਾਬ ''ਚ ਰਾਸ਼ਟਰਪਤੀ ਰਾਜ ਦੀ ਮੰਗ : ਨਕੱਈ

ਰਾਮਪੁਰਾ (ਬਠਿੰਡਾ) : ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰਾਮਪੁਰਾ ਵਿਖੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਦੀ ਅਗਵਾਈ ਹੇਠ ਵਰਕਰਾਂ ਅਤੇ ਆਗੂਆਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਵਿਚ ਬੀਜੇਪੀ ਦਫਤਰ ਉੱਤੇ ਕੱਲ੍ਹ ਰਾਤ ਹੋਏ ਗ੍ਰਨੇਡ ਹਮਲੇ ਦੇ ਖਿਲਾਫ ਤਿੱਖਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਗਦੀਪ ਸਿੰਘ ਨਕੱਈ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫਤਰ 'ਤੇ ਹਮਲੇ ਲਈ ਅੰਦਾਜ਼ਨ ਹੈਂਡ ਗ੍ਰਨੇਡ (HE-36 ਕਿਸਮ ਵਰਗਾ ਧਮਾਕੇਖੇਜ਼ ਯੰਤਰ) ਵਰਤਿਆ ਗਿਆ, ਜਿਸ ਨਾਲ ਇਮਾਰਤ ਦੇ ਬਾਹਰੀ ਹਿੱਸੇ ਨੂੰ ਨੁਕਸਾਨ ਪਹੁੰਚਿਆ। ਗਣੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਵਿਚ ਧਮਾਕਿਆਂ ਅਤੇ ਗੈਂਗਸਟਰ ਗਤੀਵਿਧੀਆਂ ਦੇ ਮਾਮਲੇ ਵਧੇ ਹਨ। ਅੰਦਾਜ਼ੇ ਮੁਤਾਬਕ ਸਾਲ 2025-26 ਵਿਚ ਇਸ ਤਰ੍ਹਾਂ ਦੀਆਂ 10 ਤੋਂ ਵੱਧ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਹੋ ਰਹੇ ਹਨ। ਨਕੱਈ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਦਿਨੋ-ਦਿਨ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਅਤੇ ਸਮੁੱਚੇ ਸੂਬੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਵਰਗ ਖੁੱਲ੍ਹ ਕੇ ਕਾਰੋਬਾਰ ਕਰਨ ਤੋਂ ਡਰ ਰਿਹਾ ਹੈ ਅਤੇ ਆਮ ਲੋਕ ਵੀ ਘਰਾਂ ਤੋਂ ਬਾਹਰ ਨਿਕਲਣ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਵਿਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਜ (ਗਵਰਨਰ ਰਾਜ) ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਦੁਬਾਰਾ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਮੱਖਣ ਬਾਸਲ, ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਣ, ਸਰਬਜੀਤ ਸਿੰਘ ਗੋਸ਼ੀ, ਨਾਜਰ ਸਿੰਘ, ਭਾਰਤ ਭੂਸ਼ ਜੈਨ, ਸੰਜੀਵ ਗਰਗ, ਰਾਜਪਾਲ ਸਿੰਘ ਰਾਜੂ, ਜਗਸੀਰ ਸਿੰਘ ਬੁੱਗਰ, ਭੂਸ਼ਣ ਜੀ, ਗੁਰਪ੍ਰੀਤ ਸਿੰਘ ਕੌੜਾ, ਸੰਦੀਪ ਸਿੰਘ ਲਹਿੰਬਰ, ਗੱਗੀ ਰਾਮਪੁਰਾ, ਸੰਦੀਪ ਸਿੰਘ ਸੀਪਾ ਅਤੇ ਕਾਕਾ ਸਰਪੰਚ ਠੂਠਿਆਂਵਾਲੀ ਸਮੇਤ ਕਈ ਹੋਰ ਵਰਕਰ ਹਾਜ਼ਰ ਰਹੇ।


author

Gurminder Singh

Content Editor

Related News