CBI ਜਾਂਚ ਤੋਂ ਕੋਈ ਇਤਰਾਜ਼ ਨਹੀਂ, ਜੱਜ ਦੀ ਨਜ਼ਰਸਾਨੀ ਦੀ ਕੀਤੀ ਸੀ ਮੰਗ: ਰਾਜਾ ਵੜਿੰਗ
Wednesday, Mar 25, 2026 - 07:11 PM (IST)
ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨਾ ਡਾ. ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦਾ ਕੋਈ ਵਿਰੋਧ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਵੱਲੋਂ ਜਾਂਚ ਦੀ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਰਵਨੀਤ ਸਿੰਘ ਬਿੱਟੂ, ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ, ਬਿਕਰਮ ਮਜੀਠੀਆ ਸਣੇ ਤਮਾਮ ਵਿਰੋਧੀਆਂ ਨੂੰ ਜਵਾਬ ਦਿੱਤੇ।
ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਿਸੇ ਦੀ ਮੌਤ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਡਾ. ਗਗਨਦੀਪ ਰੰਧਾਵਾ ਦੇ ਪਰਿਵਾਰ ਦੀ ਮੰਗ ਸੀ ਕਿ ਲਾਲਜੀਤ ਸਿੰਘ ਭੁੱਲਰ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਉਹ ਮੰਗ ਪੂਰੀ ਹੋ ਚੁੱਕੀ ਹੈ। ਜੇ ਪਰਿਵਾਰ ਮਾਮਲੇ ਦੀ ਸੀ. ਬੀ. ਆਈ. ਜਾਂਚ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਉਹ ਸਿਰਫ਼ ਇਸ ਜਾਂਚ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਨਜ਼ਰਸਾਨੀ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿਚ ਕੇਂਦਰੀ ਏਜੰਸੀਆਂ ਅਮਿਤ ਸ਼ਾਹ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀਆਂ ਹਨ, ਇਸ ਲਈ ਉਨ੍ਹਾਂ ਨੂੰ ਇਹ ਖ਼ਦਸ਼ਾ ਹੈ ਕਿ ਸੀਬੀਆਈ ਕੁਝ ਸਮੇਂ ਬਾਅਦ ਕਿਸੇ ਨੂੰ ਨਿਰਦੋਸ਼ ਕਰਾਰ ਨਾ ਦੇ ਦੇਵੇ। ਵੜਿੰਗ ਨੇ ਕਿਹਾ ਕਿ ਹਰ ਕੋਈ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਚਾਹੁੰਦਾ ਹੈ ਤੇ ਹਰ ਕਿਸੇ ਦੇ ਦਿਮਾਗ ਵਿਚ ਇਸ ਦਾ ਵੱਖੋ-ਵੱਖਰਾ ਤਰੀਕਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਡੇ ਸੰਸਦ ਮੈਂਬਰ ਨੇ ਲੋਕ ਸਭਾ ਵਿਚ ਇਹ ਮੁੱਦਾ ਚੁੱਕਿਆ ਸੀ, ਜਿਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਲਿਖਤੀ ਤੌਰ 'ਤੇ ਦੇ ਦੇਣ ਤਾਂ ਉਹ ਜਾਂਚ ਸੀਬੀਆਈ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਉਸੇ ਵੇਲੇ ਪੱਤਰ ਲਿਖ ਕੇ ਗ੍ਰਹਿ ਮੰਤਰੀ ਨੂੰ ਦੇ ਦਿੱਤਾ ਤਾਂ ਹੁਣ ਜਾਂਚ ਤੋਂ ਰੋਕ ਕੌਣ ਰਿਹਾ ਹੈ? ਉਨ੍ਹਾਂ ਕਿਹਾ ਕਿ ਉਹ ਆਪਣੇ ਸੰਸਦ ਮੈਂਬਰਾਂ ਦੇ ਨਾਲ ਖੜ੍ਹੇ ਹਨ। ਵੜਿੰਗ ਨੇ ਕਿਹਾ ਕਿ ਉਹ ਉਸ ਦਿਨ ਲੋਕ ਸਭਾ ਵਿਚ ਮੌਜੂਦ ਨਹੀਂ ਸਨ, ਸਗੋਂ ਖਟਕੜ ਕਲਾਂ ਵਿਚ ਸਨ। ਉਨ੍ਹਾਂ ਕਿਹਾ ਕਿ ਜੇ ਗ੍ਰਹਿ ਮੰਤਰੀ ਅਸਲ ਵਿਚ ਸੀਬੀਆਈ ਜਾਂਚ ਕਰਵਾਉਣੀ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਕਾਂਗਰਸੀ ਸੰਸਦ ਮੈਂਬਰਾਂ ਦੀ ਚਿੱਠੀ ਦੀ ਕੋਈ ਲੋੜ ਨਹੀਂ ਹੈ, ਇਹ ਸਿਰਫ਼ ਬਹਾਨੇਬਾਜ਼ੀ ਹੈ।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਨ। ਵੜਿੰਗ ਨੇ ਕਿਹਾ ਕਿ ਜਿਸ ਮਾਮਲੇ ਦਾ ਮੁੱਖ ਮੰਤਰੀ ਬੀਤੇ ਦਿਨੀਂ ਜ਼ਿਕਰ ਕਰ ਰਹੇ ਸਨ, ਉਸ ਬਾਰੇ "ਮੇਰੇ 'ਤੇ ਕੋਈ ਕੇਸ ਹੀ ਨਹੀਂ ਹੈ, ਨਾ ਕੋਈ ਪਰਚਾ ਹੋਇਆ, ਨਾ ਕਿਸੇ ਨੇ ਸੁਸਾਈਡ ਨੋਟ ਵਿਚ ਮੇਰਾ ਨਾਂ ਲਿਖਿਆ, ਉਹ ਪਰਿਵਾਰ ਮੇਰੇ ਨਾਲ ਪਰਿਵਾਰ ਵਾਂਗ ਰਹਿ ਰਿਹਾ ਹੈ।" ਇਸ ਦੇ ਨਾਲ ਹੀ ਉਨ੍ਹਾਂ ਰਵਨੀਤ ਸਿੰਘ ਬਿੱਟੂ ਨੂੰ ਕਿਹਾ ਕਿ ਜਿਸ ਨੂੰ ਖ਼ੁਦ ਗੱਦਾਰ ਦਾ ਖਿਤਾਬ ਮਿਲਿਆ ਹੋਇਆ ਹੈ, ਉਹ ਮੈਨੂੰ ਗੱਦਾਰ ਕਹਿ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ , ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਦੋਸ਼ ਲਗਾਇਆ ਕਿ ਅਸਲ ਵਿਚ ਸੁਖਬੀਰ ਬਾਦਲ ਤੇ ਭਗਵੰਤ ਮਾਨ ਆਪਸ ਵਿਚ ਰਲੇ ਹੋਏ ਹਨ। 'ਆਪ' ਦੇ ਲੀਡਰ ਪਹਿਲਾਂ ਸੁੱਖ ਵਿਲਾਸ ਢਾਹੁਣ ਦੀਆਂ ਗੱਲਾਂ ਕਰਦੇ ਸੀ, ਉਹ ਉਸੇ ਤਰ੍ਹਾਂ ਖੜ੍ਹਾ ਹੈ, ਪਰ 'ਜਗ ਬਾਣੀ' ਵਾਲਿਆਂ ਦਾ ਹੋਟਲ ਢਾਹ ਦਿੱਤਾ।
