ਪੰਜਾਬ ''ਚ ਵਧਿਆ ਫਲਾਂ ਦਾ ਰਕਬਾ, 24.10 ਲੱਖ ਮੀਟ੍ਰਿਕ ਟਨ ਤੱਕ ਪਹੁੰਚੀ ਫ਼ਲਾਂ ਦੀ ਕੁੱਲ ਪੈਦਾਵਾਰ
Tuesday, Mar 31, 2026 - 01:41 PM (IST)
ਚੰਡੀਗੜ੍ਹ : ਪੰਜਾਬ 'ਚ ਰਵਾਇਤੀ ਕਣਕ-ਝੋਨੇ ਦੀ ਖੇਤੀ ਨੂੰ ਛੱਡ ਕੇ ਕਿਸਾਨ ਹੁਣ ਤੇਜ਼ੀ ਨਾਲ ਬਾਗਬਾਨੀ (ਫਲਾਂ ਦੀ ਖੇਤੀ) ਵੱਲ ਮੁੜ ਰਹੇ ਹਨ, ਜੋ ਕਿ ਖੇਤੀ ਵਿਭਿੰਨਤਾ ਲਈ ਇੱਕ ਬਹੁਤ ਹੀ ਸਕਾਰਾਤਮਕ ਸੰਕੇਤ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2023-24 'ਚ ਫਲਾਂ ਹੇਠ ਰਕਬਾ 1,03,289 ਹੈਕਟੇਅਰ ਸੀ, ਜੋ ਸਾਲ 2024-25 'ਚ 3.84 ਫੀਸਦੀ ਵੱਧ ਕੇ 1,07,254 ਹੈਕਟੇਅਰ ਹੋ ਗਿਆ ਹੈ। ਇਸ ਦੇ ਨਾਲ ਹੀ ਫਲਾਂ ਦੀ ਪੈਦਾਵਾਰ 'ਚ ਵੀ 4.55 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਕੁੱਲ ਪੈਦਾਵਾਰ 24.10 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ। ਕੇਲੇ ਅਤੇ ਅਮਰੂਦ ਦੀ ਖੇਤੀ 'ਚ ਵੱਡਾ ਵਾਧਾ ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਵਾਧਾ ਕੇਲੇ ਦੀ ਪੈਦਾਵਾਰ ਵਿੱਚ 11.81 ਫ਼ੀਸਦੀ ਦੇਖਿਆ ਗਿਆ ਹੈ।
ਇਸ ਤੋਂ ਇਲਾਵਾ ਅਮਰੂਦ ਦੀ ਖੇਤੀ 'ਚ 9.25 ਫ਼ੀਸਦੀ, ਨਾਖ (ਨਾਸ਼ਪਾਤੀ) 'ਚ 9.15 ਫ਼ੀਸਦੀ ਅਤੇ ਲੀਚੀ 'ਚ 6.93 ਫ਼ੀਸਦੀ ਦਾ ਵਾਧਾ ਹੋਇਆ ਹੈ। ਅੰਬ, ਆੜੂ ਅਤੇ ਆਂਵਲਾ ਵਰਗੇ ਫਲਾਂ ਦੇ ਰਕਬੇ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਖੇਤੀ ਮਾਹਿਰ ਅਨੁਸਾਰ ਪੰਜਾਬ ਦੀ ਜਲਵਾਯੂ ਕਿੰਨੂ, ਅਮਰੂਦ, ਅੰਬ ਅਤੇ ਨਾਖ ਵਰਗੇ ਫਲਾਂ ਲਈ ਬਹੁਤ ਅਨੁਕੂਲ ਹੈ। ਬਾਗਬਾਨੀ ਅਪਨਾਉਣ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਧੇਗੀ, ਸਗੋਂ ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਵੀ ਸੁਧਾਰ ਹੋਵੇਗਾ ਕਿਉਂਕਿ ਕਈ ਬਾਗਬਾਨੀ ਫ਼ਸਲਾਂ ਝੋਨੇ ਦੇ ਮੁਕਾਬਲੇ ਬਹੁਤ ਘੱਟ ਪਾਣੀ ਮੰਗਦੀਆਂ ਹਨ। ਇਹ ਕਦਮ ਜ਼ਮੀਨ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਵਿੱਚ ਵੀ ਸਹਾਈ ਸਿੱਧ ਹੋਵੇਗਾ।
