ਸਰਕਾਰੀ ਖੇਤਰ ਦੇ ਬੈਂਕਾਂ ਦਾ ਕੋਰੋਨਾ ਸੰਕਟ ''ਚ ਹੋ ਸਕੇਗਾ ਨਿੱਜੀਕਰਨ?
Sunday, Jun 14, 2020 - 03:57 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਅਤੇ ਜਾਇਦਾਦਾਂ ਦੇ ਘੱਟ ਮੁਲਾਂਕਣ ਦੇ ਨਾਲ ਹੀ ਬੈਂਕਾਂ ਦੇ ਫਸੇ ਕਰਜ਼ਿਆਂ 'ਚ ਵਾਧੇ ਨੂੰ ਦੇਖਦੇ ਹੋਏ ਚਾਲੂ ਵਿੱਤੀ ਸਾਲ ਦੌਰਾਨ ਜਨਤਕ ਖੇਤਰ ਦੇ ਕਿਸੇ ਵੀ ਬੈਂਕ 'ਚ ਨਿੱਜੀਕਰਨ ਦੀ ਦਿਸ਼ਾ 'ਚ ਪਹਿਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਸੂਤਰਾਂ ਨੇ ਇਹ ਕਿਹਾ ਹੈ।
ਫਿਲਹਾਲ ਜਨਤਕ ਖੇਤਰ ਦੇ ਚਾਰ ਬੈਂਕ ਆਰ. ਬੀ. ਆਈ. ਦੀ ਤੁਰੰਤ ਸੁਧਾਰਤਮਕ ਕਾਰਵਾਈ (ਪੀ. ਸੀ. ਏ.) ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਉਨ੍ਹਾਂ 'ਤੇ ਕਈ ਪਾਬੰਦੀਆਂ ਹਨ। ਸੂਤਰਾਂ ਨੇ ਕਿਹਾ ਕਿ ਅਜਿਹੇ 'ਚ ਇਨ੍ਹਾਂ ਬੈਂਕਾਂ- ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.), ਸੈਂਟਰਲ ਬੈਂਕ ਆਫ ਇੰਡੀਆ, ਯੂਕੋ ਬੈਂਕ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੂੰ ਵੇਚਣ ਦਾ ਕੋਈ ਮਤਲਬ ਨਹੀਂ ਹੈ। ਮੌਜੂਦਾ ਹਾਲਾਤ 'ਚ ਨਿੱਜੀ ਖੇਤਰ ਤੋਂ ਕੋਈ ਵੀ ਇਨ੍ਹਾਂ ਨੂੰ ਲੈਣ ਦਾ ਇਛੁੱਕ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਰਣਨੀਤਕ ਖੇਤਰ ਦੀਆਂ ਇਨ੍ਹਾਂ ਇਕਾਈਆਂ ਨੂੰ ਸੰਕਟ ਦੇ ਸਮੇਂ ਜਲਦਬਾਜ਼ੀ 'ਚ ਨਹੀਂ ਵੇਚਣਾ ਚਾਹੇਗੀ।
ਜ਼ਿਕਰਯੋਗ ਹੈ ਕਿ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਮੂਰਤੀ ਸੁਬਰਾਮਣੀਅਮ ਨੇ ਪਿਛਲੇ ਹਫਤੇ ਬੈਂਕਾਂ ਦੇ ਨਿੱਜੀਕਰਨ ਦਾ ਸੰਕੇਤ ਦਿੱਤਾ ਸੀ। ਉੱਥੇ ਹੀ, ਸੂਤਰਾਂ ਨੇ ਕਿਹਾ ਕਿ ਕਿਸੇ ਬੈਂਕ ਦੀ ਪੂਰੀ ਵਿਕਰੀ ਤਾਂ ਛੱਡੋ ਕਿਸੇ ਸਰਕਾਰੀ ਬੈਂਕ 'ਚ ਸ਼ਾਇਦ ਹੀ ਹਿੱਸੇਦਾਰੀ ਵਿਕਰੀ ਲਈ ਕਦਮ ਚੁੱਕਿਆ ਜਾਵੇਗਾ। ਇਸ ਦਾ ਕਾਰਨ ਇਸ ਸਮੇਂ ਇਨ੍ਹਾਂ ਦਾ ਸਹੀ ਮੁਲਾਂਕਣ ਹੋਣਾ ਮੁਸ਼ਕਲ ਹੈ। ਸੂਤਰਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਨਾ ਸਿਰਫ ਜਨਤਕ ਖੇਤਰ ਦੇ ਬੈਂਕਾਂ 'ਚ ਸੁਧਾਰ ਦੀ ਪ੍ਰਕਿਰਿਆ ਨੂੰ ਰੋਕਿਆ ਹੈ ਸਗੋਂ ਇਸ ਦਾ ਨਿੱਜੀ ਖੇਤਰ ਦੇ ਬੈਂਕਾਂ ਦੀ ਵਿੱਤੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਣ ਜਾ ਰਿਹਾ ਹੈ।