ਤਿਉਹਾਰਾਂ ਤੋਂ ਪਹਿਲਾਂ ਰਾਹਤ: ਖੰਡ ਦੀ ਕੀਮਤ ਲਗਾਤਾਰ ਚੌਥੇ ਦਿਨ 60 ਰੁਪਏ ਤੋਂ ਹੇਠਾਂ

Tuesday, Sep 15, 2026 - 02:35 AM (IST)

ਤਿਉਹਾਰਾਂ ਤੋਂ ਪਹਿਲਾਂ ਰਾਹਤ: ਖੰਡ ਦੀ ਕੀਮਤ ਲਗਾਤਾਰ ਚੌਥੇ ਦਿਨ 60 ਰੁਪਏ ਤੋਂ ਹੇਠਾਂ

ਨਵੀਂ ਦਿੱਲੀ - ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫੈਸਲਿਆਂ ਦਾ ਅਸਰ ਖੰਡ ਦੀਆਂ ਕੀਮਤਾਂ ’ਤੇ ਦਿਖਾਈ ਦੇਣ ਲੱਗਾ ਹੈ। ਦੇਸ਼ਭਰ ’ਚ ਖੰਡ ਦੀ ਔਸਤ ਪ੍ਰਚੂਨ ਕੀਮਤ ਅੱਜ ਲਗਾਤਾਰ ਚੌਥੇ ਦਿਨ 60 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਰਹੀ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਖੰਡ ਦਾ ਔਸਤ ਪ੍ਰਚੂਨ ਭਾਅ 59.57 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ, ਜਦਕਿ ਇਕ ਦਿਨ ਪਹਿਲਾਂ ਇਹ 58.99 ਰੁਪਏ ਸੀ।

ਦਰਾਮਦ ਦੀ ਇਜਾਜ਼ਤ ਨਾਲ ਕੀਮਤਾਂ ’ਤੇ ਲਗਾਮ
ਕੇਂਦਰ ਸਰਕਾਰ ਨੇ 21 ਅਗਸਤ ਨੂੰ ਖੰਡ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਕੀਮਤਾਂ ’ਚ ਨਰਮੀ ਦਾ ਰੁਖ਼ ਦੇਖਣ ਨੂੰ ਮਿਲਿਆ। ਸਰਕਾਰ ਨੇ ਥੋਕ ਖਰੀਦਦਾਰਾਂ ਅਤੇ ਡੀਲਰਾਂ ਲਈ ਭੰਡਾਰਨ ਹੱਦ ਸਬੰਧੀ ਨਿਯਮ ਵੀ ਸਖ਼ਤ ਕੀਤੇ ਹਨ। ਸੋਮਵਾਰ ਨੂੰ ਖੰਡ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 85 ਰੁਪਏ ਅਤੇ ਘੱਟ ਤੋਂ ਘੱਟ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਮੁੱਖ ਖੰਡ ਉਤਪਾਦਕ ਸੂਬਿਆਂ ’ਚ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ। ਮਹਾਰਾਸ਼ਟਰ ’ਚ ਔਸਤ ਪ੍ਰਚੂਨ ਭਾਅ 59 ਰੁਪਏ ਤੋਂ ਘੱਟ ਕੇ 58.22 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਉੱਤਰ ਪ੍ਰਦੇਸ਼ ’ਚ 59.64 ਰੁਪਏ ਤੋਂ ਘੱਟ ਕੇ 57.88 ਰੁਪਏ ਰਹਿ ਗਿਆ। ਮੱਧ ਪ੍ਰਦੇਸ਼ ’ਚ ਵੀ ਕੀਮਤ 62.36 ਰੁਪਏ ਤੋਂ ਘੱਟ ਕੇ 56.57 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਤਿਉਹਾਰਾਂ ਨਾਲ ਮੰਗ ਵਧਣ ਦਾ ਦਬਾਅ
ਹਾਲਾਂਕਿ ਤਿਉਹਾਰਾਂ ਦੇ ਸੀਜ਼ਨ ’ਚ ਮਠਿਆਈਆਂ ਅਤੇ ਹੋਰ ਉਤਪਾਦਾਂ ਦੀ ਮੰਗ ਵਧਣ ਨਾਲ ਕੁਝ ਖੇਤਰਾਂ ’ਚ ਖੰਡ ਦੀਆਂ ਕੀਮਤਾਂ ’ਤੇ ਮੁੜ ਤੇਜ਼ੀ ਦਾ ਦਬਾਅ ਬਣ ਰਿਹਾ ਹੈ। ਆਂਧਰਾ ਪ੍ਰਦੇਸ਼ ’ਚ ਭਾਅ ਵਧ ਕੇ 55.56 ਰੁਪਏ ਅਤੇ ਕੇਰਲ ’ਚ 57.80 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਸਰਕਾਰ ਨੇ 2025-26 ਮਾਰਕੀਟਿੰਗ ਸਾਲ ਲਈ ਖੰਡ ਉਤਪਾਦਨ ਦਾ ਅੰਦਾਜ਼ਾ 343 ਲੱਖ ਟਨ ਤੋਂ ਘਟਾ ਕੇ 306 ਲੱਖ ਟਨ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਘਰੇਲੂ ਮੰਗ ਪੂਰੀ ਕਰਨ ਲਈ ਪੂਰਾ ਭੰਡਾਰ ਉਪਲੱਬਧ ਹੈ। ਦੇਸ਼ ’ਚ ਸਾਲਾਨਾ ਖੰਡ ਦੀ ਘਰੇਲੂ ਮੰਗ ਕਰੀਬ 280-285 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ।
 


author

Inder Prajapati

Content Editor

Related News