ਦੁੱਧ 100 ਰੁਪਏ ਮਹਿੰਗਾ! ਮੁੰਬਈ ਤੋਂ ਬਾਅਦ ਹੁਣ ਇਥੇ ਕੀਮਤਾਂ ਵਧਾਉਣ ਦੀ ਤਿਆਰੀ
Wednesday, Sep 02, 2026 - 05:35 AM (IST)
ਚੰਡੀਗੜ੍ਹ : ਮੁੰਬਈ ਵਿੱਚ 1 ਸਤੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ਹਰਿਆਣਾ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਧਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਸ਼ੂਆਂ ਦੇ ਚਾਰੇ ਅਤੇ ਹੋਰ ਖ਼ਰਚਿਆਂ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਹਰਿਆਣਾ ਦੇ ਡੇਅਰੀ ਕਿਸਾਨਾਂ ਨੇ ਦੁੱਧ ਦੀਆਂ ਕੀਮਤਾਂ ਵਧਾ ਕੇ 100 ਰੁਪਏ ਪ੍ਰਤੀ ਲੀਟਰ ਤੱਕ ਕਰਨ ਦੀ ਮੰਗ ਕੀਤੀ ਹੈ।
ਇਸ ਮੁੱਦੇ ਨੂੰ ਲੈ ਕੇ ਜੀਂਦ, ਕੁਰੂਕਸ਼ੇਤਰ, ਕੈਥਲ, ਰੋਹਤਕ ਅਤੇ ਹਿਸਾਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਡੇਅਰੀ ਕਿਸਾਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹਾਂਸੀ ਦੇ ਪਿੰਡ ਭੈਣੀ ਅਮੀਰਪੁਰ ਦੇ ਕਿਸਾਨਾਂ ਨੇ ਇਹ ਫ਼ੈਸਲਾ ਲਿਆ ਹੈ ਕਿ 5 ਸਤੰਬਰ ਤੋਂ ਮੱਝ ਦਾ ਦੁੱਧ 100 ਰੁਪਏ ਪ੍ਰਤੀ ਲੀਟਰ ਅਤੇ ਗਾਂ ਦਾ ਦੁੱਧ 80 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਇਸ ਦੇ ਨਾਲ ਹੀ ਲੱਸੀ ਦੀ ਕੀਮਤ 20 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਗਈ ਹੈ, ਜਿਸ ਦਾ ਸਮਰਥਨ ਆਸ-ਪਾਸ ਦੇ ਪਿੰਡਾਂ ਰਾਜਥਲ ਅਤੇ ਥੁਰਾਨਾ ਨੇ ਵੀ ਕੀਤਾ ਹੈ।
ਡੇਅਰੀ ਕਿਸਾਨਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੇ ਚਾਰੇ, ਦਾਣੇ, ਦਵਾਈਆਂ, ਗੁੜ ਅਤੇ ਮਜ਼ਦੂਰੀ ਦੇ ਖ਼ਰਚੇ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਵਧ ਗਏ ਹਨ, ਜਿਸ ਕਾਰਨ ਮੌਜੂਦਾ 60 ਰੁਪਏ ਤੋਂ 80 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਦੁੱਧ ਵੇਚਣਾ ਉਨ੍ਹਾਂ ਲਈ ਮੁਸ਼ਕਲ ਹੋ ਰਿਹਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਅਨੁਸਾਰ, ਪਸ਼ੂਆਂ ਦਾ ਦਾਣਾ ਜੋ ਪਹਿਲਾਂ 1800 ਰੁਪਏ ਵਿੱਚ ਮਿਲਦਾ ਸੀ, ਉਹ ਹੁਣ ਵਧ ਕੇ ਲਗਭਗ 3,000 ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਕਣਕ ਦੇ ਤੂੜੀ ਦੀ ਕੀਮਤ ਵੀ ਵਧ ਕੇ 1,000 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਇਸ ਕਾਰਨ ਕੁਝ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਵੀਟਾ ਸਹਿਕਾਰੀ ਡੇਅਰੀ ਪਲਾਂਟ ਨੂੰ ਇੱਕ ਮੰਗ ਪੱਤਰ ਸੌਂਪ ਕੇ ਕੱਚੇ ਦੁੱਧ ਦੀ ਖਰੀਦ ਕੀਮਤ ਵਿੱਚ 2 ਤੋਂ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦੀ ਮੰਗ ਵੀ ਰੱਖੀ ਹੈ।
