ਲਗਾਤਾਰ ਤੀਜੇ ਦਿਨ ਹੇਠਾਂ ਡਿੱਗੇ ਸ਼ੇਅਰ ਬਾਜ਼ਾਰ ! ਸੈਂਸੈਕਸ ''ਚ ਆਈ 500 ਅੰਕਾਂ ਦੀ ਗਿਰਾਵਟ
Wednesday, Sep 09, 2026 - 10:29 AM (IST)
ਬਿਜ਼ਨੈੱਸ ਡੈਸਕ- ਮਿਡਲ ਈਸਟ 'ਚ ਵਧਦੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚਣ ਕਾਰਨ ਬੁੱਧਵਾਰ ਨੂੰ ਲਗਾਤਾਰ ਤੀਜੇ ਕਾਰੋਬਾਰੀ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। IT ਸੈਕਟਰ ਦੇ ਸਟਾਕਸ ਵਿੱਚ ਸਭ ਤੋਂ ਵੱਡੀ ਬਿਕਵਾਲੀ ਦੇਖਣ ਨੂੰ ਮਿਲੀ ਹੈ।
ਖਬਰ ਲਿਖੇ ਜਾਣ ਸਮੇਂ ਸੈਂਸੈਕਸ 516 ਅੰਕਾਂ ਦੀ ਗਿਰਾਵਟ ਨਾਲ 75,055 'ਤੇ, ਜਦਕਿ ਨਿਫਟੀ 113 ਅੰਕਾਂ ਦੀ ਗਿਰਾਵਟ ਨਾਲ 23,515 ਅੰਕਾਂ ਦੇ ਕਰੀਬ ਟ੍ਰੇਡ ਕਰ ਰਿਹਾ ਸੀ। ਸੈਂਸੈਕਸ ਦੀਆਂ 30 'ਚੋਂ 20 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਸਨ।
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ IT ਸੈਕਟਰ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ, ਜਿਨ੍ਹਾਂ 'ਚ HCL Tech (-3.59%, Tech Mahindra (-3.07%) ਤੇ TCS (-1.89%) ਦੇ ਸ਼ੇਅਰ ਸਭ ਤੋਂ ਵੱਧ ਹੇਠਾਂ ਆਏ। ਇਸ ਤੋਂ ਇਲਾਵਾ ਭਾਰਤੀ ਏਅਰਟੈੱਲ (1.23%), ਰਿਲਾਇੰਸ ਇੰਡਸਟਰੀਜ਼ (1.12%), ਇੰਡੀਗੋ (1.08%) ਅਤੇ HDFC ਬੈਂਕ (0.76%) ਦੇ ਸ਼ੇਅਰਾਂ 'ਚ ਵੀ ਗਿਰਾਵਟ ਦੇਖੀ ਗਈ।
ਹਾਲਾਂਕਿ ਇਸ ਗਿਰਾਵਟ ਦੇ ਬਾਵਜੂਦ ਫਾਰਮਾ ਕੰਪਨੀ ਸਨ ਫਾਰਮਾ ਦਾ ਸ਼ੇਅਰ 0.74 ਫ਼ੀਸਦੀ ਦੇ ਵਾਧੇ ਨਾਲ ਸਭ ਤੋਂ ਉੱਪਰ ਰਿਹਾ। ਇਸ ਤੋਂ ਇਲਾਵਾ ਭਾਰਤ ਇਲੈਕਟ੍ਰੌਨਿਕਸ (BEL) ਅਤੇ ONGC ਦੇ ਸ਼ੇਅਰਾਂ 'ਚ ਵੀ ਹਲਕਾ ਵਾਧਾ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਜੰਗ ਅਤੇ ਹੋਰਮੁਜ਼ ਦੀ ਘੇਰਾਬੰਦੀ ਦੇ ਕਾਰਨ ਬ੍ਰੈਂਟ ਕਰੂਡ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈਆਂ ਹਨ, ਜਿਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਉਤਾਰ ਚੜ੍ਹਾਅ ਦੇਖਿਆ ਜਾ ਰਿਹਾ ਹੈ। ਇਸੇ ਕਾਰਨ ਸਿਰਫ਼ ਭਾਰਤ ਹੀ ਨਹੀਂ, ਅਮਰੀਕੀ ਅਤੇ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਵੀ ਸੁਸਤੀ ਕਾਰਨ ਨਿਵੇਸ਼ਕਾਂ ਦਾ ਭਰੋਸਾ ਡਗਮਗਾਇਆ ਹੋਇਆ ਹੈ।
