ਆਲੂ ਕਿਸਾਨ ਬੇਹਾਲ, 25 ਪੈਸੇ ''ਚ ਵਿਕ ਰਿਹੈ ਇਕ ਕਿਲੋ ਮਾਲ

Sunday, Dec 24, 2017 - 08:06 AM (IST)

ਆਲੂ ਕਿਸਾਨ ਬੇਹਾਲ, 25 ਪੈਸੇ ''ਚ ਵਿਕ ਰਿਹੈ ਇਕ ਕਿਲੋ ਮਾਲ

ਮੁੰਬਈ— ਨਵਾਂ ਸੀਜ਼ਨ ਸ਼ੁਰੂ ਹੁੰਦਿਆਂ ਹੀ ਆਲੂ ਕਿਸਾਨ ਬੇਹਾਲ ਹੋ ਗਏ ਹਨ। ਉਨ੍ਹਾਂ ਦੀਆਂ ਮੁਸ਼ਕਿਲਾਂ ਫਿਰ ਵਧ ਗਈਆਂ ਹਨ। ਨਵੀਂ ਫਸਲ ਲਈ ਕੋਲਡ ਸਟੋਰੇਜ ਖਾਲੀ ਕਰਨ ਦੇ ਦਬਾਅ ਵਿਚਾਲੇ ਆਲੂ ਦੇ ਪ੍ਰਮੁੱਖ ਉਤਪਾਦਕ ਸੂਬੇ ਉੱਤਰ ਪ੍ਰਦੇਸ਼ ਦੇ ਆਗਰੇ ਜ਼ਿਲੇ ਦੇ ਸਟਾਕਿਸਟ ਅਤੇ ਗੋਦਾਮ ਮਾਲਕਾਂ ਨੂੰ 20 ਤੋਂ 25 ਪੈਸੇ ਪ੍ਰਤੀ ਕਿਲੋਗ੍ਰਾਮ ਦੇ ਭਾਅ ਆਲੂ ਵੇਚਣਾ ਪੈ ਰਿਹਾ ਹੈ। ਇਹੀ ਨਹੀਂ, ਕਿਸਾਨ ਅਤੇ ਸਟਾਕਿਸਟ ਕੋਲਡ ਸਟੋਰੇਜ ਤੋਂ ਆਪਣਾ ਮਾਲ ਕੱਢ ਨਹੀਂ ਰਹੇ ਹਨ ਕਿਉਂਕਿ ਗੋਦਾਮ ਤੋਂ ਕੱਢ ਕੇ ਮੰਡੀ ਤੱਕ ਲਿਆਉਣ 'ਚ ਜਿੰਨਾ ਖਰਚਾ ਆਉਂਦਾ ਹੈ, ਉਸ ਤੋਂ ਕਾਫ਼ੀ ਘੱਟ ਭਾਅ 'ਤੇ ਆਲੂ ਵਿਕ ਰਿਹਾ ਹੈ। ਇਹੀ ਵਜ੍ਹਾ ਹੈ ਕਿ ਆਗਰੇ ਦੇ ਕੋਲਡ ਸਟੋਰੇਜ ਮਾਲਕ ਸੜਕਾਂ 'ਤੇ ਆਲੂ ਸੁੱਟਵਾ ਰਹੇ ਹਨ। ਵੱਡੀ ਮਾਤਰਾ 'ਚ ਆਲੂਆਂ ਨੂੰ ਖੇਤਾਂ 'ਚ ਵੀ ਸੁੱਟਿਆ ਜਾ ਰਿਹਾ ਹੈ ਤਾਂ ਕਿ ਅਗਲੀ ਫਸਲ ਤੋਂ ਪਹਿਲਾਂ ਬਤੌਰ ਜੈਵਿਕ ਖਾਦ ਉਸ ਦੀ ਵਰਤੋਂ ਕੀਤੀ ਜਾ ਸਕੇ।
ਉਤਪਾਦਨ ਲਾਗਤ 5 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ
ਦੇਸ਼ ਦੇ ਦੂਜੇ ਹਿੱਸਿਆਂ ਦੇ ਆਲੂ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਫਸਲ ਦੀ ਕੀਮਤ ਉਤਪਾਦਨ ਲਾਗਤ ਤੋਂ ਵੀ ਘੱਟ ਹੋ ਗਈ ਹੈ। ਕੁਝ ਕੁ ਥਾਵਾਂ ਨੂੰ ਛੱਡ ਕੇ ਦੇਸ਼ ਭਰ 'ਚ ਆਲੂ ਦੇ ਮੁੱਲ 4 ਤੋਂ 5.50 ਰੁਪਏ ਪ੍ਰਤੀ ਕਿਲੋ ਹਨ, ਜਦੋਂ ਕਿ ਉਸ ਦੀ ਉਤਪਾਦਨ ਲਾਗਤ 5 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਆਉਂਦੀ ਹੈ। 
ਆਗਰਾ 'ਚ ਆਲੂ ਸਟਾਕਿਸਟ ਬਿਰਾਜ ਟਰੇਡਰਸ ਦੇ ਮਾਲਕ ਵਿਸ਼ਾਲ ਜੈਨ ਨੇ ਕਿਹਾ ਕਿ ਕਿਸਾਨਾਂ ਤੇ ਸਟਾਕਿਸਟਾਂ ਕੋਲ ਕੋਲਡ ਸਟੋਰੇਜ ਤੋਂ ਆਪਣਾ ਸਮੁੱਚਾ ਆਲੂ ਕੱਢਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ ਕਿਉਂਕਿ 15 ਫਰਵਰੀ ਤੋਂ ਆਉਣ ਵਾਲੀ ਨਵੀਂ ਫਸਲ ਲਈ ਕੋਲਡ ਸਟੋਰੇਜ 'ਚ ਥਾਂ ਬਣਾਉਣੀ ਹੈ। ਕੋਲਡ ਸਟੋਰੇਜ ਦੀ ਸਾਫ਼-ਸਫਾਈ ਅਤੇ ਮੁਰੰਮਤ ਆਦਿ ਲਈ ਵੀ ਘੱਟ ਤੋਂ ਘੱਟ 6 ਹਫਤੇ ਦਾ ਸਮਾਂ ਚਾਹੀਦਾ ਹੈ, ਇਸ ਲਈ ਕੋਲਡ ਸਟੋਰਾਂ ਦੇ ਮਾਲਕ 31 ਦਸੰਬਰ ਤੋਂ ਪਹਿਲਾਂ ਪੂਰਾ ਸਟਾਕ ਖਾਲੀ ਕਰਨਾ ਚਾਹੁੰਦੇ ਹਨ। 

ਛੋਟੇ ਆਕਾਰ ਵਾਲੇ ਆਲੂ ਹੋਣ ਲੱਗੇ ਖ਼ਰਾਬ  
ਆਗਰੇ ਦੇ ਆਲੂ ਸਟਾਕਿਸਟ ਸ਼ਿਵ ਕੁਮਾਰ ਐਂਡ ਸੰਜ਼ ਦੇ ਮਾਲਕ ਯੁੱਧਵੀਰ ਸਿੰਘ ਨੇ ਕਿਹਾ ਕਿ ਖਾਣ ਯੋਗ ਗਰੇਡ ਤੋਂ ਛੋਟੇ ਆਕਾਰ (33 ਮਿਲੀਮੀਟਰ ਗੋਲਾਈ) ਵਾਲੇ ਆਲੂ ਖ਼ਰਾਬ ਹੋਣ ਲੱਗੇ ਹਨ। ਇਸ ਦੀ ਵਜ੍ਹਾ ਨਾਲ ਛੋਟੇ ਆਕਾਰ ਦੇ ਆਲੂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਆਲੂ ਦੇ ਖਰੀਦਦਾਰ ਵੀ ਨਹੀਂ ਮਿਲ ਰਹੇ ਹਨ। ਸਿੰਘ ਖੁਦ ਆਲੂ ਕਿਸਾਨ ਹਨ ਅਤੇ ਉਨ੍ਹਾਂ ਸਰਕਾਰ ਨੂੰ ਆਲੂ ਵਾਅਦਾ ਕਾਰੋਬਾਰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। 
ਉਨ੍ਹਾਂ ਕਿਹਾ ਕਿ ਸਰਕਾਰ ਨੇ ਆਲੂ ਵਾਅਦਾ ਦੀ ਮਨਜ਼ੂਰੀ ਦਿੱਤੀ ਸੀ ਪਰ 2014 'ਚ ਉਸ 'ਤੇ ਰੋਕ ਲਾ ਦਿੱਤੀ ਗਈ। ਵਾਅਦਾ ਕਾਰੋਬਾਰ ਅੱਗੇ ਦੀ ਕੀਮਤ ਦਾ ਪਤਾ ਲਾਉਣ ਦਾ ਚੰਗਾ ਸੰਕੇਤਕ ਹੈ। ਕਮੋਡਿਟੀ ਐਕਸਚੇਂਜ 'ਚ ਜਦੋਂ ਇਸ ਦਾ ਕਾਰੋਬਾਰ ਹੁੰਦਾ ਸੀ, ਉਦੋਂ ਕੀਮਤਾਂ 'ਚ ਕਦੇ ਇੰਨਾ ਜ਼ਿਆਦਾ ਉਤਰਾਅ-ਚੜ੍ਹਾਅ ਨਹੀਂ ਵੇਖਿਆ ਗਿਆ।


Related News