ਤਿਓਹਾਰੀ ਸੀਜ਼ਨ ’ਚ ਮਹਿੰਗਾਈ ਦੇ ਮੋਰਚੇ ’ਤੇ ਭਾਰਤੀਆਂ ਲਈ ਚੰਗੀ ਖਬਰ, ਪੈਟਰੋਲ-ਡੀਜ਼ਲ ਹੋਵੇਗਾ ਸਸਤਾ
Saturday, Sep 24, 2022 - 11:56 AM (IST)
ਨਵੀਂ ਦਿੱਲੀ : ਅਮਰੀਕਾ ’ਚ ਫੈੱਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਕੀਤੇ ਗਏ ਵਾਧੇ ਤੋਂ ਬਾਅਦ ਦੁਨੀਆ ਭਰ ’ਚ ਛਾਈ ਮੰਦੀ ਦੇ ਖਦਸ਼ੇ ਦਰਮਿਆਨ ਸ਼ੁੱਕਰਵਾਰ ਸ਼ਾਮ ਨੂੰ ਅਮਰੀਕਾ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ ਦੇਖੀ ਗਈ। ਨਿਊਯਾਰਕ ਐਕਸਚੇਂਜ ’ਚ ਬ੍ਰੇਂਟ ਕਰੂਡ ਦੀਆਂ ਵਾਅਦਾ ਕੀਮਤਾਂ 5.2 ਫੀਸਦੀ ਡਿਗ ਕੇ 85.78 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਜਦ ਕਿ ਕੱਚਾ ਤੇਲ 80 ਡਾਲਰ ਪ੍ਰਤੀ ਬੈਰਲ ਤੋਂ ਡਿਗ ਕੇ 78.52 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ। ਕੱਚੇ ਤੇਲ ਦੀਆਂ ਕੀਮਤਾਂ ਲਗਭਗ 9 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਈਆਂ ਹਨ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ਇਸੇ ਪੱਧਰ ’ਤੇ ਸਨ।
ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਦਾ ਨਿਸ਼ਚਿਤ ਤੌਰ ’ਤੇ ਭਾਰਤ ਨੂੰ ਫ਼ਾਇਦਾ ਹੋਣ ਵਾਲਾ ਹੈ ਕਿਉਂਕਿ ਭਾਰਤ ਆਪਣੀ ਲੋੜ ਦਾ ਜ਼ਿਆਦਾਤਰ ਕੱਚਾ ਤੇਲ ਇੰਪੋਰਟ ਕਰਦਾ ਹੈ ਅਤੇ ਇਸ ਨਾਲ ਨਾ ਸਿਰਫ਼ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਹਾਂਪੱਖੀ ਅਸਰ ਪਵੇਗਾ ਸਗੋਂ ਪੈਟਰੋਲੀਅਮ ਉਤਪਾਦਾਂ (ਪੈਟਰੋਲ-ਡੀਜ਼ਲ) ਕਾਰਨ ਵਧਣ ਵਾਲੀ ਮਹਿੰਗਾਈ ’ਤੇ ਵੀ ਲਗਾਮ ਲੱਗੇਗੀ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੀਆਂ ਕੀਮਤਾਂ ’ਚ ਕਮੀ ਹੋਣ ਦੀ ਸੰਭਾਵਨਾ ਹੈ। ਤਿਓਹਾਰੀ ਸੀਜ਼ਨ ’ਚ ਇਹ ਭਾਰਤੀ ਖ਼ਪਤਕਾਰਾਂ ਲਈ ਚੰਗੀ ਖ਼ਬਰ ਹੈ।
ਅਮਰੀਕਾ ’ਚ ਫੈੱਡਰਲ ਰਿਜ਼ਰਵ ਨੇ ਇਸੇ ਬੁੱਧਵਾਰ ਨੂੰ ਵਿਆਜ ਦਰਾਂ ’ਚ 75 ਆਧਾਰ ਅੰਕਾਂ ਦਾ ਵਾਧਾ ਕੀਤਾ ਸੀ। ਅਮਰੀਕਾ ਦੇ ਕੇਂਦਰੀ ਬੈਂਕ ਦੇ ਇਸ ਕਦਮ ਤੋਂ ਬਾਅਦ ਵਿਸ਼ਵ ਭਰ ’ਚ ਜ਼ਿਆਦਾਤਰ ਬੈਂਕ ਇਸ ਦੀ ਪਾਲਣਾ ਕਰ ਰਹੇ ਹਨ ਅਤੇ ਦੁਨੀਆ ਭਰ ’ਚ ਵਿਆਜ ਦਰਾਂ ’ਚ ਵਾਧੇ ਦਾ ਸਿਲਸਿਲਾ ਜਾਰੀ ਹੈ। ਇਸੇ ਕਾਰਨ ਮੰਨਿਆ ਜਾ ਰਿਹਾ ਹੈ ਕਿ ਉੱਚੀਆਂ ਵਿਆਜ ਦਰਾਂ ਕਾਰਨ ਆਰਥਿਕ ਵਿਕਾਸ ਕਿਤੇ ਨਾ ਕਿਤੇ ਰੁਕ ਸਕਦਾ ਹੈ ਅਤੇ ਮੰਦੀ ਦਾ ਖਤਰਾ ਮੰਡਰਾਉਣ ਲੱਗਾ ਹੈ। ਡਾਲਰ ਦੇ ਮਜ਼ਬੂਤ ਹੋਣ ਦਾ ਵੀ ਕੱਚ ਤੇਲ ਦੀਆਂ ਕੀਮਤਾਂ ’ਤੇ ਅਸਰ ਪਿਆ ਹੈ। ਮਈ 2002 ਤੋਂ ਬਾਅਦ ਕਰੰਸੀ ਬਾਸਕੇਟ ਦੇ ਮੁਕਾਬਲੇ ਅਮਰੀਕਾ ਦਾ ਡਾਲਰ ਇਸ ਸਮੇਂ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਹਾਲ ਹੀ ’ਚ ਹੋਏ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਯੂਰਪ ’ਚ ਵੀ ਆਰਥਿਕ ਗਤੀਵਿਧੀਆਂ ਸਤੰਬਰ ਦੇ ਮਹੀਨੇ ਸੁਸਤ ਪਈਆਂ ਹਨ ਕਿਉਂਕਿ ਯੂਰਪ ’ਚ ਗੈਸ ਦੀਆਂ ਕੀਮਤਾਂ ਵਧਣ ਕਾਰਨ ਖਪਤਕਾਰ ਭਰੋਸੇ ’ਚ ਗਿਰਾਵਟ ਆਈ ਹੈ।