ਨੇਤਰਹੀਣਾਂ ਤੇ ਦਿਵਿਆਂਗਾਂ ਦੇ ਮੁਫ਼ਤ ਸਫ਼ਰ ਲਈ 84.26 ਲੱਖ ਜਾਰੀ

Sunday, Oct 19, 2025 - 01:50 PM (IST)

ਨੇਤਰਹੀਣਾਂ ਤੇ ਦਿਵਿਆਂਗਾਂ ਦੇ ਮੁਫ਼ਤ ਸਫ਼ਰ ਲਈ 84.26 ਲੱਖ ਜਾਰੀ

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ ਨੇਤਰਹੀਣ ਤੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ 84.26 ਲੱਖ ਦੀ ਰਕਮ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਰਕਮ ਦਿਵਿਆਂਗ ਨਾਗਰਿਕਾਂ ਨੂੰ ਆਵਾਜਾਈ ਸਹੂਲਤਾਂ ਮੁਹੱਈਆ ਕਰਨ ਲਈ ਨਿਰਧਾਰਿਤ ਬਜਟ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਨੇਤਰਹੀਣਾਂ ਨੂੰ ਸਰਕਾਰੀ ਬੱਸਾਂ ’ਚ 100 ਫ਼ੀਸਦੀ ਕਿਰਾਏ ਦੀ ਛੋਟ ਦਿੱਤੀ ਗਈ ਹੈ, ਜਦੋਂ ਕਿ ਹੋਰ ਦਿਵਿਆਂਗ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ 50 ਫ਼ੀਸਦੀ ਅਰਥਾਤ ਅੱਧੇ ਕਿਰਾਏ ਦੀ ਛੋਟ ਹਾਸਲ ਹੈ। ਇਹ ਸਹੂਲਤ 40 ਫ਼ੀਸਦੀ ਜਾਂ ਇਸ ਤੋਂ ਵੱਧ ਦਿਵਿਆਂਗਤਾ ਵਾਲੇ ਵਿਅਕਤੀਆਂ ਲਈ ਉਪਲੱਬਧ ਹੈ।
ਉਨ੍ਹਾਂ ਦੱਸਿਆ ਕਿ ਸਾਲ 2025-26 ਲਈ ਇਸ ਯੋਜਨਾ ਹੇਠ 3 ਕਰੋੜ 50 ਲੱਖ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ, ਜਿਸ ’ਚੋਂ 2 ਕਰੋੜ 61 ਲੱਖ ਦੀ ਰਕਮ ਪਹਿਲਾਂ ਹੀ ਖ਼ਰਚ ਕੀਤੀ ਜਾ ਚੁੱਕੀ ਹੈ। ਹੁਣ ਸਰਕਾਰ ਵੱਲੋਂ 84.26 ਲੱਖ ਦੀ ਹੋਰ ਰਕਮ ਜਾਰੀ ਕੀਤੀ ਗਈ ਹੈ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਇਹ ਸਹੂਲਤ ਨਿਰੰਤਰ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਆਵਾਜਾਈ ਸਹੂਲਤਾਂ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਦੀ ਸਿੱਖਿਆ, ਰੁਜ਼ਗਾਰ ਤੇ ਸਮਾਜਿਕ ਸਸ਼ਕਤੀਕਰਨ ਲਈ ਵੀ ਵਿਭਾਗ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਆਤਮ-ਵਿਸ਼ਵਾਸ ਨਾਲ ਮੁੱਖ ਧਾਰਾ ਨਾਲ ਜੁੜ ਸਕਣ।


author

Babita

Content Editor

Related News