ਜਨਵਰੀ 2021 ਤੋਂ 5 ਲੱਖ ਬੈਰਲ ਦਾ ਉਤਪਾਦਨ ਵਧਾਏਗਾ ਓਪੇਕ ਪਲੱਸ
Friday, Dec 04, 2020 - 07:28 PM (IST)
ਵਾਸ਼ਿੰਗਟਨ— ਓਪੇਕ, ਰੂਸ ਤੇ ਇਸ ਦੇ ਤੇਲ ਉਤਪਾਦਕ ਸਹਿਯੋਗੀਆਂ ਨੇ ਜਨਵਰੀ ਤੋਂ ਉਤਪਾਦਨ 'ਚ ਕਟੌਤੀ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜਨਵਰੀ 2021 ਤੋਂ ਓਪੇਕ ਪਲੱਸ ਸਪਲਾਈ 'ਚ 72 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਦੀ ਕਟੌਤੀ ਜਾਰੀ ਰੱਖੇਗਾ, ਜੋ ਮੌਜੂਦਾ ਸਮੇਂ 77 ਲੱਖ ਬੈਰਲ ਪ੍ਰਤੀ ਦਿਨ ਹੈ। ਇਸ ਤਰ੍ਹਾਂ ਰੋਜ਼ਾਨਾ ਦਾ ਉਤਪਾਦਨ ਹੁਣ ਦੇ ਮੁਕਾਬਲੇ 5 ਲੱਖ ਬੈਰਲ ਵੱਧ ਹੋਵੇਗਾ।
ਬਾਜ਼ਾਰ ਓਪੇਕ ਪਲੱਸ ਵੱਲੋਂ 20 ਲੱਖ ਬੈਰਲ ਪ੍ਰਤੀ ਦਿਨ ਦਾ ਉਤਪਾਦਨ ਵਧਾਉਣ ਤੋਂ ਬਾਅਦ ਘੱਟੋ-ਘੱਟ ਮਾਰਚ ਤੱਕ ਮੌਜੂਦਾ ਕੱਟਾਂ ਨੂੰ ਜਾਰੀ ਰੱਖਣ ਦੀ ਸੰਭਾਵਨਾ ਜਤਾ ਰਿਹਾ ਸੀ। ਹਾਲਾਂਕਿ, ਉਤਪਾਦਕਾਂ ਨੇ ਰਣਨੀਤਕ ਤਰੀਕੇ ਨਾਲ ਸਪਲਾਈ ਵਧਾਉਣ ਦਾ ਫੈਸਲਾ ਕੀਤਾ, ਜਿਸ ਨਾਲ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਨਾ ਹੋਵੇ। ਇਸ ਖ਼ਬਰ ਪਿੱਛੋਂ ਸ਼ੁੱਕਰਵਾਰ ਨੂੰ ਕੱਚਾ ਤੇਲ 49 ਡਾਲਰ ਪ੍ਰਤੀ ਬੈਰਲ ਤੋਂ ਪਾਰ ਨਿਕਲ ਗਿਆ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਮੰਗ 'ਚ ਭਾਰੀ ਗਿਰਾਵਟ ਵਿਚਕਾਰ ਅਪ੍ਰੈਲ 'ਚ ਲੰਮੀ ਗੱਲਬਾਤ ਤੋਂ ਪਿੱਛੋਂ ਓਪੇਕ ਪਲੱਸ ਇਤਿਹਾਸ 'ਚ ਇਕ ਦਿਨ 'ਚ ਸਭ ਤੋਂ ਵੱਡੀ ਕਟੌਤੀ ਲਈ ਸਹਿਮਤ ਹੋਇਆ ਸੀ ਅਤੇ ਪਹਿਲੀ ਮਈ ਤੋਂ ਉਤਪਾਦਨ 'ਚ 97 ਲੱਖ ਬੈਰਲ ਪ੍ਰਤੀ ਦਿਨ ਦੀ ਰਿਕਾਰਡ ਕਟੌਤੀ ਕਰ ਦਿੱਤੀ ਗਈ ਸੀ। ਹਾਲਾਂਕਿ, ਅਗਸਤ ਤੋਂ ਇਸ ਨੂੰ ਘਟਾ ਕੇ 77 ਲੱਖ ਬੈਰਲ ਪ੍ਰਤੀ ਦਿਨ ਕਰ ਦਿੱਤਾ ਗਿਆ ਸੀ।
ਸ਼ੁੱਕਰਵਾਰ ਨੂੰ ਬ੍ਰੈਂਟ ਕੱਚਾ ਤੇਲ 49 ਡਾਲਰ ਪ੍ਰਤੀ ਬੈਰਲ ਤੋਂ ਉਪਰ ਅਤੇ 49.30 ਡਾਲਰ ਦੇ ਉਪਰ-ਹੇਠਾਂ ਕਾਰੋਬਾਰ ਕਰ ਰਿਹਾ ਸੀ। ਕੱਚੇ ਤੇਲ 'ਚ ਬੜ੍ਹਤ ਦਾ ਇਹ ਲਗਾਤਾਰ ਪੰਜਵਾਂ ਹਫ਼ਤਾ ਹੈ। ਵਿਸ਼ਲੇਸ਼ਕਾਂ ਨੂੰ ਨਵੇਂ ਸਾਲ ਤੋਂ ਕੀਮਤਾਂ 'ਚ ਸਥਿਰਤਾ ਅਤੇ ਹੌਲੀ-ਹੌਲੀ ਤੇਜ਼ੀ ਆਉਣ ਦਾ ਅਨੁਮਾਨ ਹੈ ਕਿਉਂਕਿ ਕੋਰੋਨਾ ਵਾਇਰਸ ਨੂੰ ਲੈ ਕੇ ਪਾਬੰਦੀਆਂ 'ਚ ਉਸ ਸਮੇਂ ਤੱਕ ਕਮੀ ਆਉਣ ਦੀ ਉਮੀਦ ਹੈ।