ਨੌ ਸ਼ਹਿਰਾਂ ''ਚ ਖਾਲੀ ਪਏ ਘਰਾਂ ਦੀ ਗਿਣਤੀ 12 ਫੀਸਦੀ ਘੱਟ ਕੇ 4.78 ਲੱਖ ਇਕਾਈ ''ਤੇ
Tuesday, Nov 08, 2022 - 11:39 AM (IST)
ਨਵੀਂ ਦਿੱਲੀ—ਦੇਸ਼ ਦੇ 9 ਮੁੱਖ ਸ਼ਹਿਰਾਂ 'ਚ ਸਤੰਬਰ ਤਿਮਾਹੀ ਦੇ ਅੰਤ ਤੱਕ ਖਾਲੀ ਪਈਆਂ ਰਿਹਾਇਸ਼ੀ ਇਕਾਈਆਂ (ਵਿੱਕ ਨਹੀਂ ਪਾਈਆਂ) ਸਾਲਾਨਾ ਆਧਾਰ 'ਤੇ 12 ਫੀਸਦੀ ਘਟ ਕੇ 4,77,570 ਇਕਾਈਆਂ ਰਹਿ ਗਈਆਂ। ਰੀਅਲ ਅਸਟੇਟ ਨਾਲ ਜੁੜੇ ਆਨਲਾਈਨ ਪਲੇਟਫਾਰਮ ਪ੍ਰਾਪਇਕਵਿਟੀ ਨੇ ਇਹ ਜਾਣਕਾਰੀ ਦਿੱਤੀ। ਸਤੰਬਰ 2021 ਦੇ ਅੰਤ ਤੱਕ 5,40,849 ਰਿਹਾਇਸ਼ੀ ਇਕਾਈਆਂ ਖਾਲੀ ਪਈਆਂ ਸਨ। ਪ੍ਰਾਪਇਕਵਿਟੀ ਨੇ ਬਿਆਨ 'ਚ ਕਿਹਾ ਕਿ ਦਿੱਲੀ-ਐੱਨ.ਸੀ.ਆਰ., ਬੈਂਗਲੁਰੂ ਅਤੇ ਪੁਣੇ 'ਚ ਖਾਲੀ ਇਕਾਈਆਂ 'ਚ ਸਭ ਤੋਂ ਜ਼ਿਆਦਾ ਕਮੀ ਆਈ।
ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਦੇਸ਼ਕ ਸਮੀਰ ਜਸੂਜ਼ਾ ਨੇ ਕਿਹਾ ਕਿ 2022 ਦੀ ਤੀਜੀ ਤਿਮਾਹੀ 'ਚ, ਦੇਸ਼ ਦੇ ਚੋਟੀ ਦੇ ਸ਼ਹਿਰਾਂ 'ਚ ਰਿਹਾਇਸ਼ੀ ਜਾਇਦਾਦ ਦੀ ਵਿਕਰੀ ਅਤੇ ਨਵੀਆਂ ਪੇਸ਼ਕਸ਼ਾਂ ਦੋਵੇਂ ਚੰਗੀਆਂ ਰਹੀਆਂ ਹਨ। ਇਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ 'ਚ ਗੁਣਵੱਤਾ ਵਾਲੇ ਘਰ ਖਰੀਦਣ 'ਚ ਚੰਗੀ ਦਿਲਚਸਪੀ ਹੈ ਅਤੇ ਇਸ ਤਰ੍ਹਾਂ ਰੀਅਲ ਅਸਟੇਟ ਮਾਰਕੀਟ 'ਚ ਇੱਕ ਮਹੱਤਵਪੂਰਨ ਉਛਾਲ ਹੈ। ਅੰਕੜਿਆਂ ਮੁਤਾਬਕ ਸਤੰਬਰ ਤਿਮਾਹੀ ਦੇ ਅੰਤ 'ਚ ਠਾਣੇ 'ਚ ਖਾਲੀ ਪਏ ਜਾਂ ਨਾ ਵਿਕੇ ਘਰਾਂ ਦੀ ਗਿਣਤੀ ਇਕ ਸਾਲ ਪਹਿਲਾਂ ਦੇ 1,04,374 ਇਕਾਈਆਂ ਦੇ ਮਾਮੂਲੀ ਰੂਪ ਨਾਲ ਡਿੱਗ ਕੇ 1,03,862 ਇਕਾਈ 'ਤੇ ਆ ਗਈ।
ਪੁਣੇ 'ਚ ਨਾ ਵਿਕਣ ਵਾਲੀਆਂ ਇਕਾਈਆਂ 'ਚ 22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ 90,419 ਇਕਾਈਆਂ ਤੋਂ ਘਟ ਕੇ 70,475 ਇਕਾਈ ਰਹਿ ਗਈ, ਜਦੋਂ ਕਿ ਮੁੰਬਈ 'ਚ ਇਹ 9 ਫੀਸਦੀ ਘਟ ਕੇ 55,059 ਇਕਾਈ ਰਹਿ ਗਈ। ਨਵੀਂ ਮੁੰਬਈ ਦੇ ਬਾਜ਼ਾਰ 'ਚ ਖਾਲੀ ਰਿਹਾਇਸ਼ੀ ਇਕਾਈਆਂ 18 ਫੀਸਦੀ ਡਿੱਗ ਕੇ 29,793 ਇਕਾਈਆਂ 'ਤੇ ਆ ਗਈਆਂ। ਬੈਂਗਲੁਰੂ 'ਚ ਇਹ 25 ਫੀਸਦੀ ਘੱਟ ਕੇ 54,612 ਇਕਾਈਆਂ 'ਤੇ ਆ ਗਿਆ। ਜਦੋਂ ਕਿ ਦਿੱਲੀ-ਐੱਨ.ਸੀ.ਆਰ 'ਚ ਨਾ ਵੇਚੇ ਗਏ ਮਕਾਨਾਂ 'ਚ 32 ਫੀਸਦੀ ਅਤੇ ਚੇਨਈ 'ਚ 22 ਫੀਸਦੀ ਦੀ ਗਿਰਾਵਟ ਦੇਖੀ ਗਈ।
ਇਹ ਘਟ ਕੇ ਕ੍ਰਮਵਾਰ 37,494 ਯੂਨਿਟ ਅਤੇ 18,876 ਇਕਾਈ ਰਹਿ ਗਈ। ਉਧਰ ਕੋਲਕਾਤਾ 'ਚ ਖਾਲੀ ਘਰਾਂ ਦੀ ਗਿਣਤੀ 17 ਫੀਸਦੀ ਘਟ ਕੇ 18,486 ਇਕਾਈ ਰਹਿ ਗਈ। ਹਾਲਾਂਕਿ ਸਤੰਬਰ ਤਿਮਾਹੀ ਦੇ ਅੰਤ 'ਚ ਹੈਦਰਾਬਾਦ 'ਚ ਖਾਲੀ ਪਏ ਘਰਾਂ ਦੀ ਗਿਣਤੀ 19 ਪ੍ਰਤੀਸ਼ਤ ਵਧ ਕੇ 88,913 ਇਕਾਈ ਹੋ ਗਈ, ਜੋ ਇੱਕ ਸਾਲ ਪਹਿਲਾਂ 74,717 ਇਕਾਈ ਸੀ।