ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 111 ਲੱਖ ’ਤੇ ਪਹੁੰਚੀ : ਇਕਰਾ
Tuesday, Jan 11, 2022 - 11:49 AM (IST)
ਮੁੰਬਈ (ਭਾਸ਼ਾ) – ਚਾਲੂ ਵਿੱਤੀ ਸਾਲ 2021-22 ਦੇ ਪਹਿਲੇ 9 ਮਹੀਨਿਆਂ ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ ਸਾਲ 2019-20 ਦੀ ਇਸੇ ਮਿਆਦ ਦੀ ਤੁਲਨਾ ’ਚ 44 ਫੀਸਦੀ ਘਟ ਗਈ। ਹਾਲਾਂਕਿ ਦਸੰਬਰ 2020 ਦੀ ਤੁਲਨਾ ’ਚ ਪਿਛਲੇ ਮਹੀਨੇ ਹਵਾਈ ਮੁਸਾਫਰਾਂ ਦੀ ਗਿਣਤੀ 52 ਫੀਸਦੀ ਵਧ ਕੇ 111 ਲੱਖ ’ਤੇ ਪਹੁੰਚ ਗਈ। ਰੇਟਿੰਗ ਏਜੰਸੀ ਇਕਰਾ ਰੇਟਿੰਗਸ ਨੇ ਇਕ ਰਿਪੋਰਟ ’ਚ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਮੁੜ ਵਧਣ ਦਰਮਿਆਨ ਹਵਾਈ ਆਵਾਜਾਈ ਦੇ ਸਾਹਮਣੇ ਨਵੀਆਂ ਰੁਕਾਵਟਾਂ ਆਉਣ ਦਾ ਖਦਸ਼ਾ ਹੈ। ਇਹ ਹਵਾਬਾਜ਼ੀ ਖੇਤਰ ਲਈ ਨੇੜਲੇ ਭਵਿੱਖ ’ਚ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ।
ਰਿਪੋਰਟ ਮੁਤਾਬਕ ਦਸੰਬਰ 2021 ’ਚ ਘਰੇਲ ਹਵਾਈ ਮੁਸਾਫਰਾਂ ਦੀ ਗਿਣਤੀ ਨਵੰਬਰ ਦੀ ਤੁਲਨਾ ’ਚ 5-6 ਫੀਸਦੀ ਵੱਧ ਰਹੀ। ਇਸ ਤੋਂ ਇਲਾਵਾ ਇਸ ਮਹੀਨੇ ’ਚ ਰੋਜ਼ਾਨਾ ਦੀਆਂ ਉਡਾਣਾਂ ਦੀ ਗਿਣਤੀ 2800 ਰਹੀ ਜੋ ਦਸੰਬਰ 2020 ’ਚ 2700 ਸੀ। ਇਸ ਤੋਂ ਇਲਾਵਾ ਦਸੰਬਰ 2021 ’ਚ ਪ੍ਰਤੀ ਉਡਾਣ ਯਾਤਰੀਆਂ ਦੀ ਔਸਤ ਗਿਣਤੀ 129 ਰਹੀ ਜੋ ਨਵੰਬਰ ਦੇ 130 ਦੇ ਲਗਭਗ ਬਰਾਬਰ ਹੈ। ਇਕਰਾ ਦੇ ਸੀਨੀਅਰ ਉੱਪ-ਪ੍ਰਧਾਨ ਅਤੇ ਹਵਾਬਾਜ਼ੀ ਖੇਤਰ ਦੇ ਮੁਖੀ ਸੁਪ੍ਰਿਓ ਬੈਨਰਜੀ ਨੇ ਕਿਹਾ ਕਿ ਅਪ੍ਰੈਲ-ਦਸੰਬਰ 2021 ਦੀ ਮਿਆਦ ’ਚ ਘਰੇਲੂ ਹਵਾਈ ਮੁਸਾਫਰਾਂ ਦੀ ਕੁੱਲ ਗਿਣਤੀ ਅਪ੍ਰੈਲ-ਦਸੰਬਰ 2019 ਦੀ ਤੁਲਨਾ ’ਚ 44 ਫੀਸਦੀ ਘੱਟ ਹੋਈ ਹੈ।