NSE ਨੇ ਵਪਾਰਕ ਗੜਬੜ ਦੇ ਮਾਮਲੇ ''ਚ ਕੀਤਾ 72.6 ਕਰੋੜ ਰੁਪਏ ਦਾ ਭੁਗਤਾਨ
Wednesday, Jun 21, 2023 - 04:49 PM (IST)
ਬਿਜ਼ਨੈੱਸ ਡੈਸਕ - ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ (NSE) ਅਤੇ ਐੱਨਐੱਸਈ ਕਲੀਅਰਿੰਗ (NCL) ਨੇ ਮਾਰਕੀਟ ਰੈਗੂਲੇਟਰ ਸੇਬੀ ਨਾਲ ਫਰਵਰੀ 2021 'ਚ ਹੋਈ ਵਪਾਰਕ ਗੜਬੜ ਦੇ ਮਾਮਲੇ ਦਾ ਨਿਪਟਾਰਾ ਕਰ ਲਿਆ ਹੈ। ਇਸ ਲਈ NSE ਵਲੋਂ 72.6 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ। NSE ਅਤੇ NCL ਇਸ ਸੈਟਲਮੈਂਟ ਦੇ ਲਈ ਆਪੋ- ਆਪਣੇ ਕਰਮਚਾਰੀਆਂ ਲਈ ਕ੍ਰਮਵਾਰ 49.77 ਕਰੋੜ ਰੁਪਏ ਅਤੇ 22.88 ਕਰੋੜ ਰੁਪਏ ਦਾ ਭੁਗਤਾਨ ਕਰਨਗੇ, ਜਿਨ੍ਹਾਂ ਨੂੰ ਗੈਰ-ਮਾਣਿਕ ਸਜ਼ਾ ਵੀ ਭੁਗਤਣੀ ਪਵੇਗੀ।
ਦੱਸ ਦੇਈਏ ਕਿ 24 ਫਰਵਰੀ, 2021 ਨੂੰ ਤਕਨੀਕੀ ਖ਼ਰਾਬੀ ਤੋਂ ਬਾਅਦ ਵਪਾਰ ਨੂੰ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ NSE ਨੇ 4 ਘੰਟਿਆਂ ਦੇ ਲਈ ਵਪਾਰ ਰੋਕ ਦਿੱਤਾ ਸੀ। ਇਸੇ ਮਾਮਲੇ ਦਾ ਮਾਰਕੀਟ ਰੈਗੂਲੇਟਰ ਨਾਲ ਨਿਪਟਾਰਾ ਕਰਨ ਲਈ ਹੁਣ 72.6 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪਿਆ ਹੈ।
24 ਫਰਵਰੀ, 2021 ਨੂੰ NSE ਨੂੰ ਆਪਣੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਵਿੱਚ ਸਮੱਸਿਆਵਾਂ ਦੇ ਕਾਰਨ 4 ਘੰਟਿਆਂ ਲਈ ਆਪਣੇ ਸਾਰੇ ਹਿੱਸਿਆਂ ਵਿੱਚ ਵਪਾਰ ਰੋਕਣਾ ਪਿਆ ਸੀ, ਜਿਸ ਕਾਰਨ ਬਜ਼ਾਰ ਵਿੱਚ ਹਲਚਲ ਮੱਚ ਗਈ। ਇਸ ਨਾਲ ਵਪਾਰੀ ਅਤੇ ਨਿਵੇਸ਼ਕ ਨੁਕਸਾਨਦੇਹ ਵਾਲੀ ਸਥਿਤੀ ਵਿੱਚ ਪੈ ਗਏ ਸੀ। ਸੇਬੀ ਨੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਐਕਸਚੇਂਜ ਅਤੇ ਇਸਦੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਸੀ। ਸੇਬੀ ਦੇ ਕਾਰਨ ਦੱਸੋ ਨੋਟਿਸ ਵਿੱਚ ਐੱਨਐੱਸਈ ਦੀ ਸੰਕਟ ਪ੍ਰਬੰਧਨ ਟੀਮ ਦੀ ਅਸਫਲਤਾ ਦਾ ਵੀ ਦੋਸ਼ ਹੈ।
