ਐਪਲ ਦੀ PLI 2.0 ਯੋਜਨਾ ’ਚ ਦਿਲਚਸਪੀ ਨਹੀਂ! ਸਬਸਿਡੀ ਲਈ ਅਰਜ਼ੀ ਦਾਖਲ ਕਰਨ ਦੀ ਸੰਭਾਵਨਾ ਘੱਟ

Saturday, Jun 03, 2023 - 10:15 AM (IST)

ਐਪਲ ਦੀ PLI 2.0 ਯੋਜਨਾ ’ਚ ਦਿਲਚਸਪੀ ਨਹੀਂ! ਸਬਸਿਡੀ ਲਈ ਅਰਜ਼ੀ ਦਾਖਲ ਕਰਨ ਦੀ ਸੰਭਾਵਨਾ ਘੱਟ

ਨਵੀਂ ਦਿੱਲੀ (ਇੰਟ.)– ਭਾਰਤ ’ਚ ਐਪਲ ਸਟੋਰ ਦੇ ਖੁੱਲ੍ਹਣ ਅਤੇ ਆਈਫੋਨ ਦੀ ਮੈਨੂਫੈਕਚਰਿੰਗ ਤੋਂ ਬਾਅਦ ਸਰਕਾਰ ਨੂੰ ਇਹ ਉਮੀਦ ਸੀ ਕਿ ਪੀ. ਐੱਲ. ਆਈ. 2.0 ਯੋਜਨਾ ਦੇ ਤਹਿਤ ਮਿਲਣ ਵਾਲੀ ਸਬਸਿਡੀ ਦਾ ਲਾਭ ਉਠਾਉਂਦੇ ਹੋਏ ਐਪਲ ਹੁਣ ਦੇਸ਼ ’ਚ ਲੈਪਟੌਪ ਅਤੇ ਕੰਪਿਊਟਰ ਦੀ ਵੀ ਮੈਨੂਫੈਕਚਰਿੰਗ ਸ਼ੁਰੂ ਕਰ ਸਕਦਾ ਹੈ। ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਐਪਲ ਨੇ ਪੀ. ਐੱਲ. ਆਈ. 2.0 ਯੋਜਨਾ ’ਚ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾਈ ਹੈ। ਇਕ ਰਿਪੋਰਟ ਮੁਤਾਬਕ ਐਪਲ ਲੈਪਟੌਪ ਅਤੇ ਕੰਪਿਊਟਰ ਹਾਰਡਵੇਅਰ ਲਈ ਪ੍ਰੋਡਕਸ਼ਨ-ਲਿੰਕਡ ਇੰਸੈਂਟਿਵ (ਪੀ. ਐੱਲ. ਆਈ. 2.0) ਯੋਜਨਾ ਲਈ ਅਰਜ਼ੀ ਦਾਖਲ ਨਹੀਂ ਕਰੇਗਾ। 

ਕੇਂਦਰ ਨੇ ਹਾਲ ਹੀ ’ਚ 17,000 ਕਰੋੜ ਰੁਪਏ ਦੀ ਬਜਟ ਅਲਾਟਮੈਂਟ ਨਾਲ ਇਹ ਯੋਜਨਾ ਸ਼ੁਰੂ ਕੀਤੀ, ਜਿਸ ਦਾ ਟੀਚਾ ਡੈਲ, ਸੈਮਸੰਗ ਅਤੇ ਐਪਲ ਵਰਗੀਆਂ ਕੰਪਨੀਆਂ ਨੂੰ ਭਾਰਤ ’ਚ ਆਈ. ਟੀ. ਹਾਰਡਵੇਅਰ ਬਣਾਉਣ ਲਈ ਰਾਜ਼ੀ ਕਰਨਾ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟੈੱਕ ਦਿੱਗਜ਼ ਮੌਜੂਦਾ ਸਮੇਂ ’ਚ ਸਿਰਫ਼ ਭਾਰਤ ’ਚ ਮੋਬਾਇਲ ਅਤੇ ਅਕਸੈੱਸਰੀਜ਼ ਮੈਨੂਫੈਕਚਰਿੰਗ ਦਾ ਟੀਚਾ ਬਣਾ ਰਹੀ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੀ ਇਸ ਤੋਂ ਜਾਣੂ ਹੈ। 19 ਮਈ ਨੂੰ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬਲੂਮਬਰਗ ਨੂੰ ਦੱਸਿਆ ਕਿ ਐਪਲ ਅਤੇ ਸੈਮਸੰਗ ਭਾਰਤ ’ਚ ਇਲੈਕਟ੍ਰਾਨਿਕਸ ਉਤਪਾਦਨ ਵਧਾਉਣ ’ਚ ਰੁਚੀ ਰੱਖਣ ਵਾਲੀਆਂ ਕੰਪਨੀਆਂ ’ਚੋਂ ਇਕ ਹਨ।

ਐਪਲ ਨੂੰ ਦੇਸ਼ ’ਚ ਆਈਫੋਨ ਅਤੇ ਐਪਲ ਅਕਸੈੱਸਰੀਜ਼ ਦੇ ਉਤਪਾਦਨ ਲਈ ਪਹਿਲੀ ਪੀ. ਐੱਲ. ਆਈ. ਯੋਜਨਾ ਨਾਲ ਲਾਭ ਹੋਇਆ ਹੈ। ਹਾਲਾਂਕਿ ਕੰਪਨੀ ਭਾਰਤ ਦੀ ਥਾਂ ਵੀਅਤਨਾਮ ’ਚ ਲੈਪਟਾਪ ਦਾ ਉਤਪਾਦਨ ਵਧਾਉਣਾ ਚਾਹੁੰਦੀ ਹੈ। ਉਮੀਦ ਹੈ ਕਿ 2023 ਦੇ ਅੱਧ ਤੱਕ ਉੱਥੇ ਮੈਕਬੁੱਕਰ ਬਣਾਉਣਾ ਸ਼ੁਰੂ ਹੋ ਜਾਏਗਾ। ਇਸ ਨਾਲ ਭਾਰਤ ਨੂੰ ਵੀ ਫ਼ਾਇਦਾ ਹੋ ਸਕਦਾ ਹੈ, ਕਿਉਂਕਿ ਭਾਰਤ-ਵੀਅਤਨਾਮ ਮੁਕਤ ਵਪਾਰ ਸਮਝੌਤੇ ਦੇ ਤਹਿਤ ਵੀਅਤਨਾਮ ’ਚ ਅਸੈਂਬਲ ਕੀਤੇ ਗਏ ਲੈਪਟੌਪ ਬਿਨਾਂ ਕਸਟਮ ਡਿਊਟੀ ਤੋਂ ਭਾਰਤ ’ਚ ਵੇਚੇ ਜਾਣਗੇ। ਫਾਕਸਕਾਨ ਅਪ੍ਰੈਲ 2024 ਤੱਕ ਕਰਨਾਟਕ ’ਚ ਆਈਫੋਨ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ।

ਸੂਬਾ ਸਰਕਾਰ ਮੁਤਾਬਕ ਫੈਕਟਰੀ ਲਈ ਜ਼ਮੀਨ 1 ਜੁਲਾਈ ਤੱਕ ਫਾਕਸਕਾਨ ਨੂੰ ਸੌਂਪ ਦਿੱਤੀ ਜਾਏਗੀ ਅਤੇ 13,000 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨ ਨਾਲ ਲਗਭਗ 50,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਦੁਨੀਆ ਦੀ ਸਭ ਤੋਂ ਵੱਡੀ ਕਾਂਟ੍ਰੈਕਟ ਇਲੈਕਟ੍ਰਾਨਿਕਸ ਨਿਰਮਾਤਾ ਫਾਕਸਕਾਨ ਨੇ ਸੂਬੇ ਦੀ ਰਾਜਧਾਨੀ ਅਤੇ ਟੈੱਕ ਹੱਬ ਬੇਂਗਲੁਰੂ ਦੇ ਬਾਹਰੀ ਇਲਾਕੇ ਦੇਵਾਨਾਹੱਲੀ ’ਚ ਪਲਾਂਟ ’ਚ ਇਕ ਸਾਲ ’ਚ 2 ਕਰੋੜ ਆਈਫੋਨ ਬਣਾਉਣ ਦਾ ਟੀਚਾ ਰੱਖਿਆ ਹੈ।


author

rajwinder kaur

Content Editor

Related News