ਸੈਂਸੈਕਸ 34 ਹਜ਼ਾਰ ਤੋਂ ਉਪਰ, ਨਿਫਟੀ 10,000 ਤੋਂ ਪਾਰ ਬੰਦ

Wednesday, Jun 03, 2020 - 04:58 PM (IST)

ਸੈਂਸੈਕਸ 34 ਹਜ਼ਾਰ ਤੋਂ ਉਪਰ, ਨਿਫਟੀ 10,000 ਤੋਂ ਪਾਰ ਬੰਦ

ਮੁੰਬਈ— ਬੁੱਧਵਾਰ ਨੂੰ ਮੁਨਾਫਾ ਬੁਕਿੰਗ ਕਾਰਨ ਭਾਰਤੀ ਬਾਜ਼ਾਰ 'ਚ ਦਿਨ ਦੌਰਾਨ ਦੀ ਜ਼ਿਆਦਾਤਰ ਬੜ੍ਹਤ ਸਮਾਪਤ ਹੋ ਗਈ। ਹਾਲਾਂਕਿ, ਕਾਰੋਬਾਰ ਦੇ ਅੰਤ 'ਚ ਸੈਂਸੈਕਸ ਅਤੇ ਨਿਫਟੀ ਮਜਬੂਤੀ 'ਚ ਬੰਦ ਹੋਏ। ਕੋਵਿਡ-19 ਮਹਾਮਾਰੀ ਲਾਕਡਾਊਨ ਕਾਰਨ ਦੁਨੀਆ ਭਰ 'ਚ ਬੰਦ ਅਰਥਵਿਵਸਥਾਵਾਂ ਫਿਰ ਤੋਂ ਖੁੱਲ੍ਹ ਰਹੀਆਂ ਹਨ, ਜਿਸ ਨਾਲ ਨਿਵੇਸ਼ਕਾਂ 'ਚ ਭਰੋਸਾ ਕਾਇਮ ਹੋ ਰਿਹਾ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 284 ਅੰਕ ਯਾਨੀ 0.84 ਫੀਸਦੀ ਦੀ ਤੇਜ਼ੀ ਨਾਲ 34,110 'ਤੇ ਬੰਦ ਹੋਇਆ ਹੈ, ਜਦੋਂ ਕਿ ਨਿਫਟੀ 82 ਅੰਕ ਦੇ ਵਾਧੇ ਨਾਲ 10,062 'ਤੇ ਬੰਦ ਹੋਇਆ ਹੈ।

ਕਾਰੋਬਾਰ ਦੌਰਾਨ ਨਿਫਟੀ ਆਈ. ਟੀ. ਤੇ ਮੈਟਲ ਨੂੰ ਛੱਡ ਕੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਸਾਰੇ ਸੈਕਟਰਲ ਸੂਚਕ ਹਰੇ ਨਿਸ਼ਾਨ 'ਤੇ ਸਨ। ਨਿਫਟੀ ਪੀ. ਐੱਸ. ਯੂ. 'ਚ 5.1 ਫੀਸਦੀ, ਰੀਐਲਟੀ 'ਚ 3.1 ਫੀਸਦੀ ਅਤੇ ਫਾਈਨੈਂਸ਼ਲ ਸਰਵਿਸ ਸੈਕਟਰ 'ਚ 1.9 ਫੀਸਦੀ ਬੜ੍ਹਤ ਦਰਜ ਕੀਤੀ ਗਈ।

ਉੱਥੇ ਹੀ, ਪਿਛਲੇ ਵਿੱਤੀ ਸਾਲ ਦੀ ਮਾਰਚ ਤਿਮਾਹੀ 'ਚ 871 ਕਰੋੜ ਰੁਪਏ ਦੇ ਘਾਟੇ ਦੀ ਰਿਪੋਰਟ ਦੇ ਬਾਵਜੂਦ ਇੰਡੀਗੋ ਦੇ ਸਟਾਕਸ 8.4 ਫੀਸਦੀ ਦੀ ਤੇਜ਼ੀ ਨਾਲ 1,025 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਏ। ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 5.4 ਫੀਸਦੀ, ਜਦੋਂ ਕਿ ਬਜਾਜ ਫਾਈਨਾਂਸ ਦੇ ਸ਼ੇਅਰ 3.1 ਫੀਸਦੀ ਤੱਕ ਚੜ੍ਹੇ। ਇਸ ਤੋਂ ਇਲਾਵਾ ਐੱਸ. ਬੀ. ਆਈ. 'ਚ 2.5 ਫੀਸਦੀ, ਕੋਟਕ ਮਹਿੰਦਰਾ ਬੈਂਕ 'ਚ 3.1 ਫੀਸਦੀ, ਆਈ. ਸੀ. ਆਈ. ਸੀ. ਆਈ. ਬੈਂਕ 'ਚ 2.6 ਫੀਸਦੀ ਅਤੇ ਐੱਚ. ਡੀ. ਐੱਫ. ਸੀ. ਬੈਂਕ 'ਚ 2.2 ਫੀਸਦੀ ਦੀ ਮਜਬੂਤੀ ਦਰਜ ਕੀਤੀ ਗਈ। ਨੈਸਲੇ ਤੇ ਟਾਟਾ ਮੋਟਰਜ਼ 'ਚ ਵੀ ਬੜ੍ਹਤ ਰਹੀ। ਵਿਪਰੋ, ਇੰਫੋਸਿਸ, ਮਾਰੂਤੀ ਸੁਜ਼ੂਕੀ, ਭਾਰਤੀ ਏਅਰਟੈੱਲ ਅਤੇ ਇੰਡਸਇੰਡ ਬੈਂਕ ਦੇ ਸਟਾਕਸ 'ਚ ਗਿਰਾਵਟ ਦਰਜ ਕੀਤੀ ਗਈ।
ਇਸ ਵਿਚਕਾਰ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਲਾਕਡਾਊਨ 'ਚ ਢਿੱਲ ਦੀ ਉਮੀਦ ਨਾਲ ਏਸ਼ੀਆਈ ਬਾਜ਼ਾਰ ਤਿੰਨ ਮਹੀਨੇ ਦੀ ਉਚਾਈ 'ਤੇ ਪਹੁੰਚ ਗਏ। ਜਾਪਾਨ ਦਾ ਨਿੱਕੇਈ 1.29 ਫੀਸਦੀ ਦੇ ਵਾਧੇ ਨਾਲ ਫਰਵਰੀ ਦੇ ਅੰਤ ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ, ਜਦੋਂ ਕਿ ਹਾਂਗਕਾਂਗ ਦੇ ਹੈਂਗ ਸੇਂਗ 'ਚ 1.37 ਫੀਸਦੀ ਅਤੇ ਦੱਖਣੀ ਕੋਰੀਆ ਦੇ ਕੋਸਪੀ 'ਚ 2.87 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ।


author

Sanjeev

Content Editor

Related News