ਪੰਜਾਬ ਤੋਂ ਖਾਲੀ ਹੱਥ ਪਹੁੰਚੇ ਸੀ ਦਿੱਲੀ, ਗੋਇਲ ਨੇ ਇੰਝ ਬਣਾਈ ਸੀ Jet Airways

03/26/2019 6:16:30 PM

ਨਵੀਂ ਦਿੱਲੀ— ਵਿੱਤੀ ਸੰਕਟ 'ਚ ਫਸੀ ਪ੍ਰਾਈਵੇਟ ਜਹਾਜ਼ ਕੰਪਨੀ ਜੈੱਟ ਇਸ ਵਕਤ ਬੁਰੇ ਦੌਰ 'ਚ ਲੰਘ ਰਹੀ ਹੈ। ਇਸ ਕੰਪਨੀ ਨੂੰ ਖੜ੍ਹਾ ਕਰਨ ਵਾਲੇ ਨਰੇਸ਼ ਗੋਇਲ ਦਾ ਪੰਜਾਬ ਨਾਲ ਪੁਰਾਣਾ ਨਾਤਾ ਹੈ। ਜੈੱਟ ਏਅਰਵੇਜ਼ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇਣ ਨੂੰ ਮਜ਼ਬੂਰ ਹੋਏ ਨਰੇਸ਼ ਗੋਇਲ ਦੇ ਫਰਸ਼ ਤੋਂ ਅਰਸ਼ ਤਕ ਪਹੁੰਚਣ ਦੀ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਉਹ 18 ਸਾਲ ਦੀ ਉਮਰ 'ਚ ਬਿਲਕੁਲ ਖਾਲੀ ਹੱਥ ਦਿੱਲੀ ਪਹੁੰਚੇ। ਉਸ ਵਕਤ ਪਟਿਆਲਾ 'ਚ ਉਨ੍ਹਾਂ ਦਾ ਪਰਿਵਾਰ ਇੰਨੀ ਗੰਭੀਰ ਆਰਥਿਕ ਤੰਗੀ 'ਚੋਂ ਲੰਘ ਰਿਹਾ ਸੀ ਕਿ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈਂਦਾ ਸੀ। ਇਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਗੋਇਲ ਨੂੰ ਹਵਾਬਾਜ਼ੀ ਇੰਡਸਟਰੀ 'ਚ ਕਦਮ ਰੱਖਣ ਦਾ ਸੁਨਹਿਰਾ ਮੌਕਾ ਮਿਲਿਆ।

ਹਾਲਾਂਕਿ ਹੁਣ ਜਦੋਂ ਕਿਸਮਤ ਫਿਰ ਪਲਟੀ ਤਾਂ ਗੋਇਲ ਨੂੰ ਲਾਂਚਿੰਗ ਦੇ 26 ਸਾਲਾਂ ਮਗਰੋਂ ਜੈੱਟ ਏਅਰਵੇਜ਼ ਤੋਂ ਬਾਹਰ ਨਿਕਲਣਾ ਪਿਆ। ਗੋਇਲ ਅਤੇ ਉਨ੍ਹਾਂ ਦੀ ਪਰਿਵਾਰ ਦੀ ਜੈੱਟ 'ਚ ਕਦੇ ਵਾਪਸੀ ਵੀ ਹੋਵੇਗੀ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਫਿਲਹਾਲ 18 ਸਾਲ ਦੀ ਉਮਰ 'ਚ ਗੋਇਲ ਦੇ ਦਿੱਲੀ ਆਉਣ ਤੋਂ ਲੈ ਕੇ ਹੁਣ ਤਕ ਦਾ ਸਫਰ ਜਾਣਦੇ ਹਾਂ

 

PunjabKesari

ਨਰੇਸ਼ ਗੋਇਲ ਦਾ ਜਨਮ ਪੰਜਾਬ ਦੇ ਪਟਿਆਲਾ ਦਾ ਹੈ। 6ਵੀਂ ਕਲਾਸ ਤਕ ਉਨ੍ਹਾਂ ਨੇ ਸਰਕਾਰੀ ਸਕੂਲ 'ਚ ਪੜ੍ਹਾਈ ਕੀਤੀ। 11 ਸਾਲ ਦੀ ਉਮਰ 'ਚ ਉਨ੍ਹਾਂ ਨੇ ਉਹ ਵੀ ਹਾਲਾਤ ਦੇਖੇ ਜਦੋਂ ਘਰ ਦੀ ਨਿਲਾਮੀ ਤਕ ਦੀ ਨੌਬਤ ਖੜ੍ਹੀ ਹੋ ਗਈ ਸੀ। ਪਟਿਆਲਾ ਦੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ 'ਚ ਡਿਗਰੀ ਲੈਣ ਤੋਂ ਬਾਅਦ 1967 'ਚ ਉਹ ਦਿੱਲੀ ਚਲੇ ਆਏ, ਜਿੱਥੇ ਉਨ੍ਹਾਂ ਨੇ ਇਕ ਟਰੈਵਲ ਏਜੰਸੀ 'ਚ ਨੌਕਰੀ ਕੀਤੀ। ਉਨ੍ਹਾਂ ਨੂੰ ਮਹੀਨੇ ਦੇ 300 ਰੁਪਏ ਮਿਲਦੇ ਸਨ ਅਤੇ ਤਕਰੀਬਨ 3 ਸਾਲ ਤਕ ਉਨ੍ਹਾਂ ਨੇ ਇਸ ਦਫਤਰ 'ਚ ਹੀ ਸੌਂ ਕੇ ਰਾਤਾਂ ਕੱਟੀਆਂ। ਇਸ 'ਚ ਕੰਮ ਕਰਦੇ ਹੁਣ ਉਨ੍ਹਾਂ ਨੂੰ ਕਾਫੀ ਤਜਰਬਾ ਹੋ ਚੁੱਕਾ ਸੀ। ਉਨ੍ਹਾਂ ਨੇ ਸੰਪਰਕ ਬਣਾਉਣਾ ਸ਼ੁਰੂ ਕੀਤਾ ਤੇ 1974 'ਚ ਜੈੱਟ ਏਅਰ ਨਾਮ ਨਾਲ ਆਪਣੀ ਇਕ ਟਰੈਵਲ ਏਜੰਸੀ ਖੋਲ੍ਹ ਲਈ।
 

 

ਜੈੱਟ ਨੇ ਇੰਝ ਭਰੀ ਉਡਾਣ
ਗੋਇਲ ਹੁਣ ਹਵਾਬਾਜ਼ੀ ਬਾਜ਼ਾਰ ਦਾ ਪੂਰਾ ਵਪਾਰ ਸਮਝ ਗਏ ਸੀ। 1991 'ਚ ਉਨ੍ਹਾਂ ਨੇ ਏਅਰ ਟੈਕਸੀ ਦੇ ਰੂਪ 'ਚ ਜੈੱਟ ਏਅਰਵੇਜ਼ ਦੀ ਸ਼ੁਰੂਆਤ ਕੀਤੀ। ਉਸ ਵਕਤ ਸਰਕਾਰ ਵੱਲੋਂ ਪ੍ਰਾਈਵੇਟ ਜਹਾਜ਼ ਕੰਪਨੀ ਨੂੰ ਉਡਾਣ ਭਰਨ ਦੀ ਮਨਜ਼ੂਰੀ ਤਾਂ ਦਿੱਤੀ ਗਈ ਪਰ ਉਹ ਸਮਾਂ ਸਾਰਣੀ ਨਹੀਂ ਬਣਾ ਸਕਦੇ ਸੀ। ਹਵਾਬਾਜ਼ੀ ਪਾਲਿਸੀ 'ਚ ਜਦੋਂ ਸੰਭਾਵਨਾ ਬਣੀ ਤਾਂ ਗੋਇਲ ਲਈ ਇਹ ਮੌਕਾ ਸੀ। ਗਲਫ ਏਅਰ ਅਤੇ ਕੁਵੈਤ ਏਅਰ ਦੇ ਸਮਰਥਨ ਨਾਲ ਉਨ੍ਹਾਂ ਨੇ 4 ਜਹਾਜ਼ ਪੱਟੇ 'ਤੇ ਲਏ ਅਤੇ 1993 'ਚ ਜੈੱਟ ਏਅਰਵੇਜ਼ ਦੀ ਉਡਾਣ ਸ਼ੁਰੂ ਕਰ ਦਿੱਤੀ। ਪਹਿਲੇ ਸਾਲ ਜੈੱਟ 'ਚ ਤਕਰੀਬਨ 7 ਲੱਖ 30 ਹਜ਼ਾਰ ਮੁਸਾਫਰਾਂ ਨੇ ਯਾਤਰਾ ਕੀਤੀ। ਇਕ ਹਵਾਬਾਜ਼ੀ ਅਧਿਕਾਰੀ ਨੇ ਕਿਹਾ ਕਿ ਗੋਇਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਜੈੱਟ ਦੇ ਰੂਪ 'ਚ ਭਾਰਤ ਨੂੰ ਪਹਿਲੀ ਸੰਗਠਤ ਏਅਰਲਾਈਨ ਦਿੱਤੀ, ਜਦੋਂ ਕਿ ਇਸ ਤੋਂ ਪਹਿਲਾਂ ਦੇਸ਼ ਅੰਦਰ ਹਵਾਈ ਯਾਤਰਾ ਦਾ ਇਕ ਹੀ ਸਾਧਨ ਸਰਕਾਰੀ ਇੰਡੀਅਨ ਏਅਰਲਾਈਨ ਸੀ।

 

PunjabKesari
ਹਾਲਾਂਕਿ ਹੁਣ ਕੰਪਨੀ ਦੀ ਹਾਲਤ ਇਹ ਹੈ ਕਿ ਉਸ 'ਤੇ 8,000 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਬੈਂਕਾਂ ਨੇ ਜੈੱਟ ਏਅਰਵੇਜ਼ ਦੀ ਕਮਾਨ ਸੰਭਾਲ ਲਈ ਹੈ। ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਕਰਜ਼ਦਾਤਾਵਾਂ ਦੇ ਸਮੂਹ ਦੀ ਜੈੱਟ 'ਚ 50 ਫੀਸਦੀ ਹਿੱਸੇਦਾਰੀ ਹੋ ਜਾਵੇਗੀ, ਜਦੋਂ ਕਿ ਗੋਇਲ ਦਾ ਹਿੱਸਾ 51 ਫੀਸਦੀ ਤੋਂ ਘੱਟ ਕੇ 25.5 ਫੀਸਦੀ ਰਹਿ ਜਾਵੇਗਾ। ਜੈੱਟ ਦੀ ਪਾਰਟਨਰ ਯੂ. ਏ. ਈ. ਦੀ ਏਤਿਹਾਦ ਏਅਰਲਾਈਨ ਵੀ ਜੈੱਟ 'ਚ ਆਪਣੀ ਹਿੱਸੇਦਾਰੀ 24 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰ ਸਕਦੀ ਹੈ। ਜਿਸ ਕੰਪਨੀ ਨੂੰ ਨਰੇਸ਼ ਗੋਇਲ ਨੇ ਤਕਰੀਬਨ 26 ਸਾਲ ਪਹਿਲਾਂ ਸਥਾਪਤ ਕੀਤਾ ਸੀ, ਉਸ ਤੋਂ ਆਖਰਕਾਰ ਉਨ੍ਹਾਂ ਨੂੰ 25 ਮਾਰਚ 2019 ਨੂੰ ਬਾਹਰ ਹੋਣਾ ਪਿਆ। ਬੈਂਕ ਮਈ ਅੰਤ ਤਕ ਇਸ ਦਾ ਨਵਾਂ ਖਰੀਦਦਾਰ ਤਲਾਸ਼ਣਗੇ।

 

 

PunjabKesari

ਸਟਾਫ ਨੂੰ ਕੀ ਕਿਹਾ ਗੋਇਲ ਨੇ
''ਮੇਰੇ ਲਈ ਕੋਈ ਵੀ ਤਿਆਗ ਜੈੱਟ ਦੇ ਹਿੱਤਾਂ ਤੋਂ ਵੱਧ ਕੇ ਨਹੀਂ ਹੈ। 22,000 ਕਰਮਚਾਰੀਆਂ ਦੀ ਭਲਾਈ ਲਈ ਮੈਂ ਜੈੱਟ ਦੇ ਬੋਰਡ ਤੋਂ ਹਟ ਰਿਹਾ ਹਾਂ। ਇਸ 'ਚ ਮੇਰਾ ਪਰਿਵਾਰ ਮੇਰੇ ਨਾਲ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਮੇਰੇ ਫੈਸਲੇ ਦਾ ਸਾਥ ਦੇਵੋਗੇ।'' — ਨਰੇਸ਼ ਗੋਇਲ


Related News