ਸਕੂਲ ’ਚ ਪ੍ਰਿੰਸੀਪਲ ਕਰਵਾ ਰਹੀ ਸੀ ‘ਫੇਸ਼ੀਅਲ’, ਅਧਿਆਪਕਾ ਨੇ ਬਣਾਈ ਵੀਡੀਓ ਤਾਂ ਕਰ ਦਿੱਤਾ ਇਹ ਹਾਲ

Saturday, Apr 20, 2024 - 05:08 AM (IST)

ਨੈਸ਼ਨਲ ਡੈਸਕ– ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲੇ ਦੇ ਬਿਘਾਪੁਰ ਵਿਕਾਸ ਬਲਾਕ ਦੇ ਪ੍ਰਾਇਮਰੀ ਸਕੂਲ ਦਾਦਮਾਊ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਥੇ ਪ੍ਰਿੰਸੀਪਲ ਸੰਗੀਤਾ ਸਿੰਘ ਪੜ੍ਹਾਉਣ ਦਾ ਕੰਮ ਕਰਨ ਦੀ ਬਜਾਏ ਰਸੋਈ ’ਚ ‘ਫੇਸ਼ੀਅਲ’ ਕਰਵਾਉਂਦੀ ਨਜ਼ਰ ਆਈ। ਇੰਨਾ ਹੀ ਨਹੀਂ, ਜਦੋਂ ਸਹਾਇਕ ਅਧਿਆਪਕਾ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਹੈੱਡਮਾਸਟਰ ਨੇ ਉਸ ਦੀ ਕੁੱਟਮਾਰ ਕੀਤੀ ਤੇ ਦੰਦਾਂ ਨਾਲ ਉਸ ਦਾ ਹੱਥ ਵੱਢ ਦਿੱਤਾ, ਜਿਸ ਨਾਲ ਉਸ ਦਾ ਖ਼ੂਨ ਨਿਕਲ ਗਿਆ। ਅਧਿਆਪਕਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ

ਖ਼ੂਨ ਨਾਲ ਲੱਥਪੱਥ ਸਹਾਇਕ ਅਧਿਆਪਕਾ ਨੇ ਥਾਣਾ ਬਿਘਾਪੁਰ ’ਚ ਮੁੱਖ ਅਧਿਆਪਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਅਧਿਆਪਕਾ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੀ ਜਾਨ ਬਚਾਈ। ਮਾਮਲਾ ਬੀਘਾਪੁਰ ਬੀ. ਆਰ. ਸੀ. ਦੇ ਦਾਦਾ ਮਉ ਵਿਦਿਆਲਿਆ ਦਾ ਹੈ। ਇਸ ਮਾਮਲੇ ’ਚ ਜ਼ਿਲਾ ਮੁੱਢਲਾ ਦਫ਼ਤਰ ਜਾਂ ਬੀ. ਐੱਸ. ਏ. ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਪੁਲਸ ਜਾਂਚ ’ਚ ਜੁਟੀ
ਇਸ ਸਬੰਧੀ ਉਨਾਵ ਪੁਲਸ ਨੇ ਦੱਸਿਆ ਕਿ ਥਾਣਾ ਬਿਘਾਪੁਰ ਵਿਖੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

ਕਈ ਇੰਟਰਨੈੱਟ ਯੂਜ਼ਰਸ ਨੇ ਵੀ ਦਿੱਤੀ ਪ੍ਰਤੀਕਿਰਿਆ
ਵਾਇਰਲ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਇਹ ਭਿਆਨਕ ਹੈ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਰਕਾਰੀ ਸਕੂਲਾਂ ’ਚ ਬੱਚੇ ਨਹੀਂ ਹਨ। ਜ਼ਿਆਦਾਤਰ ਥਾਵਾਂ ’ਤੇ ਇਹੀ ਹਾਲ ਹੈ। ਮੇਰੇ ਘਰ ਦੇ ਨੇੜੇ ਸਰਕਾਰ ਨੇ ਲੱਖਾਂ ਰੁਪਏ ਖ਼ਰਚ ਕੇ ਇਕ ਪ੍ਰਾਇਮਰੀ ਸਕੂਲ ਬਣਾਇਆ ਹੈ, ਜਿਸ ’ਚ ਸੁਣਨ ’ਚ ਆਉਂਦਾ ਹੈ ਕਿ 8 ਅਧਿਆਪਕ ਹਨ ਤੇ ਇਕ ਪ੍ਰਿੰਸੀਪਲ। ਅੱਜ ਤੱਕ ਮੈਂ 7 ਤੋਂ ਵੱਧ ਅਧਿਆਪਕਾਂ ਤੇ ਬੇਸਿਕ ਐਜੂਕੇਸ਼ਨ ਅਫ਼ਸਰਾਂ ਨੂੰ ਆਪਣਾ ਕੰਮ ਕਰਦੇ ਨਹੀਂ ਦੇਖਿਆ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਅਜਿਹੀ ਅਧਿਆਪਕਾ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News