ਜੁਲਾਈ ''ਚ EPFO ''ਚ 10 ਲੱਖ ਤੋਂ ਜ਼ਿਆਦਾ ਕਰਮਚਾਰੀ ਸ਼ਾਮਲ

09/23/2022 3:39:41 PM

ਨਵੀਂ ਦਿੱਲੀ- ਮੌਜੂਦਾ ਸਾਲ ਦੇ ਜੁਲਾਈ ਮਹੀਨੇ 'ਚ ਕਰਮਚਾਰੀ ਭਵਿੱਖ ਨਿਧੀ ਸੰਗਠਨ 'ਚ 10 ਲੱਖ ਤੋਂ ਵੱਧ, ਕਰਮਚਾਰੀ ਰਾਜ ਬੀਮਾ ਨਿਗਮ 'ਚ 15 ਲੱਖ ਤੋਂ ਵੱਧ ਕਰਮਚਾਰੀ ਅਤੇ ਰਾਸ਼ਟਰੀ ਪੈਨਸ਼ਨ ਯੋਜਨਾ 'ਚ 66 ਹਜ਼ਾਰ ਤੋਂ ਵੱਧ ਕਰਮਚਾਰੀ ਸ਼ਾਮਲ ਹੋਏ ਹਨ।
ਕੇਂਦਰੀ ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਇੱਥੇ ਜਾਰੀ ਰੁਜ਼ਗਾਰ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ। ਅੰਕੜਿਆਂ 'ਚ ਕਿਹਾ ਗਿਆ ਹੈ ਕਿ ਜੁਲਾਈ 2022 'ਚ ਕਰਮਚਾਰੀ ਭਵਿੱਖ ਨਿਧੀ ਸੰਗਠਨ- ਈ.ਪੀ.ਐੱਫ.ਓ 'ਚ ਕੁੱਲ 10 ਲੱਖ 58 ਹਜ਼ਾਰ 397 ਕਰਮਚਾਰੀ ਜੋੜੇ ਗਏ ਹਨ। ਇਨ੍ਹਾਂ 'ਚੋਂ ਸੱਤ ਲੱਖ 66 ਹਜ਼ਾਰ 839 ਪੁਰਸ਼ ਅਤੇ ਦੋ ਲੱਖ 31 ਹਜ਼ਾਰ 524 ਮਹਿਲਾ ਕਰਮਚਾਰੀ ਸ਼ਾਮਲ ਹਨ। ਇਕ ਕਰਮਚਾਰੀ ਹੋਰ ਸ਼੍ਰੇਣੀ 'ਚ ਅਤੇ 27 ਦੇ ਸੰਬੰਧ 'ਚ ਜਾਣਕਾਰੀ ਉਪਲੱਬਧ ਨਹੀਂ ਹੈ। ਸਤੰਬਰ 2017 ਤੋਂ ਜੁਲਾਈ 2022 ਤੱਕ ਈ.ਪੀ.ਐੱਫ.ਓ 'ਚ ਕੁੱਲ 5 ਕਰੋੜ 70 ਲੱਖ 69 ਹਜ਼ਾਰ 396 ਕਰਮਚਾਰੀ ਸ਼ਾਮਲ ਹੋ ਚੁੱਕੇ ਹਨ।
ਕਰਮਚਾਰੀ ਰਾਜ ਬੀਮਾ ਨਿਗਮ - ਈ.ਐੱਸ.ਆਈ.ਸੀ. 'ਚ ਇਸ ਮਹੀਨੇ 'ਚ ਕੁੱਲ 15 ਲੱਖ 72 ਹਜ਼ਾਰ 441 ਕਰਮਚਾਰੀ ਸ਼ਾਮਲ ਹੋਏ ਹਨ। ਇਨ੍ਹਾਂ 'ਚ 12 ਲੱਖ 67 ਹਜ਼ਾਰ 650 ਪੁਰਸ਼ ਮੁਲਾਜ਼ਮ ਅਤੇ ਤਿੰਨ ਲੱਖ ਚਾਰ ਹਜ਼ਾਰ 738 ਮਹਿਲਾ ਕਰਮਚਾਰੀ ਹਨ। ਬਾਕੀ 53 ਕਰਮਚਾਰੀ ਹੋਰ ਸ਼੍ਰੇਣੀ ਦੇ ਹਨ। ਸਤੰਬਰ 2017 ਤੋਂ ਜੁਲਾਈ 2022 ਦੀ ਮਿਆਦ 'ਚ ਈ.ਐੱਸ.ਆਈ.ਸੀ 'ਚ ਸੱਤ ਕਰੋੜ ਅੱਠ ਲੱਖ ਦੋ ਹਜ਼ਾਰ 535 ਕਰਮਚਾਰੀ ਜੋੜੇ ਗਏ ਹਨ। 
ਅੰਕੜਿਆਂ ਅਨੁਸਾਰ ਰਾਸ਼ਟਰੀ ਪੈਨਸ਼ਨ ਯੋਜਨਾ 'ਚ ਜੁਲਾਈ 2022 'ਚ ਕੁੱਲ 66 ਹਜ਼ਾਰ 44 ਕਰਮਚਾਰੀ ਸ਼ਾਮਲ ਹੋਏ ਹਨ। ਇਨ੍ਹਾਂ 'ਚੋਂ ਕੇਂਦਰ ਸਰਕਾਰ 'ਚ 9785 ਕਰਮਚਾਰੀ, ਸੂਬਾ ਸਰਕਾਰਾਂ 'ਚ 28 ਹਜ਼ਾਰ 660 ਅਤੇ ਗ਼ੈਰ-ਸਰਕਾਰੀ ਖੇਤਰ 'ਚ 27 ਹਜ਼ਾਰ 569 ਕਰਮਚਾਰੀ ਹਨ। ਸਤੰਬਰ 2017 ਤੋਂ ਜੁਲਾਈ 2022 ਤੱਕ ਦੀ ਮਿਆਦ 'ਚ ਰਾਸ਼ਟਰੀ ਪੈਨਸ਼ਨ ਯੋਜਨਾ 37 ਲੱਖ 19 ਹਜ਼ਾਰ 558 ਕਰਮਚਾਰੀ ਜੋੜੇ ਗਏ ਹਨ।


Aarti dhillon

Content Editor

Related News