ਦੇਸ਼ ਭਰ ਦੇ ਕਈ ਸੂਬਿਆ ''ਚ ਮਾਨਸੂਨ ਨੇ ਫੜੀ ਰਫ਼ਤਾਰ, ਫਿਰ ਵੀ ਸਾਉਣੀ ਦੀਆਂ ਫ਼ਸਲਾਂ ਦਾ ਬਿਜਾਈ ਹੇਠ ਰਕਬਾ ਪਛੜਿਆ
Saturday, Jul 08, 2023 - 06:04 PM (IST)
ਨਵੀਂ ਦਿੱਲੀ - ਦੇਸ਼ ਭਰ ਵਿੱਚ ਮਾਨਸੂਨ ਦੀ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਪਰ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਹੇਠਲਾ ਰਕਬਾ ਪਛੜ ਰਿਹਾ ਹੈ। 7 ਜੁਲਾਈ ਨੂੰ ਖ਼ਤਮ ਹੋਏ ਹਫਤੇ 'ਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਰਕਬਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 8.6 ਫੀਸਦੀ ਘੱਟ ਸੀ।
ਸਾਉਣੀ ਦੀ ਬਿਜਾਈ ਹੇਠਲਾ ਰਕਬਾ ਮੁੱਖ ਤੌਰ 'ਤੇ ਝੋਨਾ, ਦਾਲਾਂ (ਖਾਸ ਕਰਕੇ ਅਰਹਰ ਅਤੇ ਉੜਦ) ਦੀ ਬਿਜਾਈ ਘਟਣ ਕਾਰਨ ਘਟਿਆ ਹੈ। ਪਿਛਲੇ ਮਹੀਨੇ ਦੇ ਦੂਜੇ ਪੰਦਰਵਾੜੇ ਤੋਂ ਮਾਨਸੂਨ ਨੇ ਚੰਗੀ ਪ੍ਰਗਤੀ ਦਿਖਾਈ ਹੈ, ਜਿਸ ਕਾਰਨ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮੀਂਹ ਦੇ ਹੋਰ ਵਾਧੇ ਨਾਲ ਬਿਜਾਈ ਵਿੱਚ ਆਈ ਕਮੀ ਨੂੰ ਕਾਫੀ ਹੱਦ ਤੱਕ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ
ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਬਿਜਾਈ ਸਹੀ ਸਮੇਂ 'ਤੇ ਕੀਤੀ ਜਾਵੇ ਤਾਂ ਝਾੜ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਦੇਸ਼ ਵਿੱਚ ਲਗਭਗ 10.1 ਕਰੋੜ ਹੈਕਟੇਅਰ ਰਕਬੇ ਵਿੱਚ ਸਾਉਣੀ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਇਸ ਵਿੱਚੋਂ 7 ਜੁਲਾਈ ਤੱਕ ਕਰੀਬ 3.534 ਕਰੋੜ ਹੈਕਟੇਅਰ (ਕਰੀਬ 35 ਫੀਸਦੀ) ਵਿੱਚ ਬਿਜਾਈ ਪੂਰੀ ਹੋ ਚੁੱਕੀ ਹੈ। ਇਸ ਲਈ ਜੁਲਾਈ ਅਤੇ ਅਗਸਤ ਦੇ ਬਾਕੀ ਹਫ਼ਤਿਆਂ ਵਿੱਚ ਮੀਂਹ ਬਹੁਤ ਜ਼ਰੂਰੀ ਹੋ ਗਿਆ ਹੈ।
7 ਜੁਲਾਈ ਤੱਕ ਅਰਹਰ ਦਾ ਰਕਬਾ 6 ਲੱਖ ਹੈਕਟੇਅਰ
ਵਪਾਰੀਆਂ ਨੇ ਦੱਸਿਆ ਕਿ ਅਰਹਰ ਵਰਗੀਆਂ ਕੁਝ ਫ਼ਸਲਾਂ ਦੇ ਝਾੜ ਵਿੱਚ ਗਿਰਾਵਟ ਦਾ ਖਦਸ਼ਾ ਪਹਿਲਾਂ ਹੀ ਮੰਡੀ ਵਿੱਚ ਦਿਖਾਈ ਦੇ ਰਿਹਾ ਹੈ। ਇਸੇ ਲਈ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਇਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਖਾਸ ਕਮੀ ਨਹੀਂ ਆ ਰਹੀ ਹੈ। ਇਸ ਨਾਲ ਖੁਰਾਕੀ ਮਹਿੰਗਾਈ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲਗ ਸਕਦਾ ਹੈ ਕਿਉਂਕਿ ਅਰਹਰ ਦੀ ਦਾਲ ਰੋਜ਼ਾਨਾ ਭੋਜਨ ਵਿੱਚ ਵਰਤੀ ਜਾਣ ਵਾਲੀ ਦਾਲ ਹੈ।
7 ਜੁਲਾਈ ਤੱਕ ਅਰਹਰ ਦਾ ਰਕਬਾ 6 ਲੱਖ ਹੈਕਟੇਅਰ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 60 ਫੀਸਦੀ ਘੱਟ ਹੈ। ਇਸੇ ਤਰ੍ਹਾਂ ਉੜਦ ਹੇਠਲਾ ਰਕਬਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 31.43 ਫੀਸਦੀ ਘੱਟ ਹੈ।
ਬੈਂਕ ਆਫ਼ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ, ਮਦਨ ਸਬਨਵੀਸ ਨੇ ਬਿਜ਼ਨਸ ਸਟੈਂਡਰਡ ਨੂੰ ਦੱਸਿਆ, “ਮਹਾਰਾਸ਼ਟਰ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਰਗੇ ਮਹੱਤਵਪੂਰਨ ਤੁਆਰ ਉਗਾਉਣ ਵਾਲੇ ਖੇਤਰਾਂ ਵਿੱਚ ਅਜੇ ਵੀ ਬਾਰਸ਼ ਦੀ ਕਮੀ ਹੈ। ਇਸ ਲਈ, ਵੱਡੇ ਪੱਧਰ 'ਤੇ ਬਿਜਾਈ ਅਜੇ ਸ਼ੁਰੂ ਨਹੀਂ ਹੋਈ ਹੈ।'' ਅੰਕੜੇ ਦਰਸਾਉਂਦੇ ਹਨ ਕਿ ਕਰਨਾਟਕ ਵਿਚ ਇਸ ਸਮੇਂ ਮਾਨਸੂਨ ਵਿਚ ਲਗਭਗ 36 ਪ੍ਰਤੀਸ਼ਤ ਦੀ ਕਮੀ ਹੈ, ਜਦੋਂ ਕਿ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਸ਼ 31 ਤੋਂ 43 ਪ੍ਰਤੀਸ਼ਤ ਤੱਕ ਘੱਟ ਰਹੀ ਹੈ। ਮਹਾਰਾਸ਼ਟਰ ਵਿੱਚ ਉੜਦ ਹੇਠ ਰਕਬੇ ਵਿੱਚ ਵੀ ਕਾਫ਼ੀ ਕਮੀ ਆਈ ਹੈ।
ਇਹ ਵੀ ਪੜ੍ਹੋ : ਭਿਆਨਕ ਬਿਮਾਰੀਆਂ ਦੇ ਖ਼ਤਰੇ ਕਾਰਨ 32 ਦੇਸ਼ਾਂ 'ਚ ਹੈ ਬੈਨ, ਪੰਜਾਬ ਦੇ ਕਿਸਾਨ ਧੜ੍ਹੱਲੇ ਨਾਲ ਕਰ ਰਹੇ ਪੈਰਾਕੁਆਟ ਕੈਮੀਕਲ
ਜਿੱਥੋਂ ਤੱਕ ਸਾਉਣੀ ਸੀਜ਼ਨ ਦੀ ਮੁੱਖ ਫ਼ਸਲ ਝੋਨੇ ਦਾ ਸਬੰਧ ਹੈ, 7 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ ਇਸ ਦੀ ਬਿਜਾਈ ਕਰੀਬ 54.1 ਲੱਖ ਹੈਕਟੇਅਰ ਰਕਬੇ ਵਿੱਚ ਹੋ ਚੁੱਕੀ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕਰੀਬ 24 ਫੀਸਦੀ ਘੱਟ ਹੈ। ਪੰਜਾਬ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਰਗੇ ਮੁੱਖ ਝੋਨਾ ਉਤਪਾਦਕ ਰਾਜਾਂ ਵਿੱਚ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ ਹੈ।
ਪੰਜਾਬ ਵਿੱਚ ਮਾਨਸੂਨ ਕੁਝ ਹੱਦ ਤੱਕ ਮਜ਼ਬੂਤ
ਮੁੱਖ ਝੋਨਾ ਉਗਾਉਣ ਵਾਲੇ ਸੂਬੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਸਿੰਚਾਈ ਹੋਣ ਕਾਰਨ ਬਿਜਾਈ ਰਕਬਾ ਹੋਰ ਵਧਣ ਦੀ ਉਮੀਦ ਹੈ। ਮਾਨਸੂਨ ਵੀ ਕੁਝ ਹੱਦ ਤੱਕ ਪੰਜਾਬ ਵਿੱਚ ਮਜ਼ਬੂਤ ਹੋਇਆ ਹੈ, ਜਿਸ ਨਾਲ ਝੋਨੇ ਦੀ ਬਿਜਾਈ 'ਚ ਮਦਦ ਮਿਲੇਗੀ।
ਰਕਬੇ ਦੇ ਮੋਰਚੇ 'ਤੇ ਪਿੱਛੇ ਚੱਲ ਰਹੀਆਂ ਹੋਰ ਪ੍ਰਮੁੱਖ ਫਸਲਾਂ ਵਿੱਚ ਸੋਇਆਬੀਨ ਅਤੇ ਕਪਾਹ ਸ਼ਾਮਲ ਹਨ। ਵਪਾਰ ਅਤੇ ਬਾਜ਼ਾਰ ਦੇ ਸੂਤਰਾਂ ਦਾ ਮੰਨਣਾ ਹੈ ਕਿ ਮਾਨਸੂਨ ਦੀ ਸਰਗਰਮੀ ਵਧਣ ਨਾਲ ਇਨ੍ਹਾਂ ਦੀ ਬਿਜਾਈ ਵੀ ਜ਼ੋਰ ਫੜ ਲਵੇਗੀ।
ਇਹ ਵੀ ਪੜ੍ਹੋ : McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8